ਤੁਰਕੀ-ਸੀਰੀਆ ‘ਚ ਫਿਰ ਆਇਆ ਭੂਚਾਲ, ਇਜ਼ਰਾਈਲ ਤੱਕ ਮਹਿਸੂਸ ਕੀਤੇ ਭੂਚਾਲ ਦੇ ਝਟਕੇ 

ਤੁਰਕੀ, 21 ਫਰਵਰੀ : ਤੁਰਕੀ ਅਤੇ ਸੀਰੀਆ ਵਿੱਚ 6 ਫਰਵਰੀ ਨੂੰ ਆਏ ਤਿੰਨ ਵੱਡੇ ਭੂਚਾਲ ਕਾਰਨ ਮਰਨ ਵਾਲਿਆਂ ਦੀ ਗਿਣਤੀ 47 ਹਜ਼ਾਰ ਨੂੰ ਪਾਰ ਕਰ ਗਈ ਹੈ। ਵਰਲਡ ਹੈਲਥ ਆਰਗੇਨਾਈਜ਼ੇਸ਼ਨ (ਡਬਲਯੂਐਚਓ) ਦੇ ਅਨੁਸਾਰ, ਦੋਵਾਂ ਦੇਸ਼ਾਂ ਵਿੱਚ 26 ਮਿਲੀਅਨ ਲੋਕਾਂ ਨੂੰ ਮਦਦ ਦੀ ਲੋੜ ਹੈ। ਹੁਣ ਤੁਰਕੀ ਅਤੇ ਸੀਰੀਆ ਵਿੱਚ 14 ਦਿਨਾਂ ਬਾਅਦ ਸੋਮਵਾਰ ਰਾਤ 8.04 ਵਜੇ ਇੱਕ ਵਾਰ ਫਿਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ ‘ਤੇ ਇਸ ਦੀ ਤੀਬਰਤਾ 6.4 ਸੀ। ਇਸ ਦਾ ਕੇਂਦਰ ਅੰਤਾਕਿਆ ਪ੍ਰਾਂਤ ਦਾ ਹਤਾਯ ਸ਼ਹਿਰ ਸੀ। ਭੂਚਾਲ ਦੀ ਗਹਿਰਾਈ 2 ਕਿਲੋਮੀਟਰ ਤੱਕ ਰਹੀ। ਇਸ ਤੋਂ ਬਾਅਦ ਆਏ ਝਟਕਿਆਂ ਦੀ ਤੀਬਰਤਾ 3.4 ਤੋਂ 5.8 ਸੀ। ਜਿਸ ਕਾਰਨ 3 ਲੋਕਾਂ ਦੀ ਮੌਤ ਹੋ ਗਈ ਅਤੇ 294 ਜ਼ਖਮੀ ਹੋ ਗਏ। ਮਿਲੀ ਜਾਣਕਾਰੀ ਅਨੁਸਾਰ ਭੂਚਾਲ ਦੇ ਝਟਕੇ ਲੇਬਨਾਨ, ਇਜ਼ਰਾਈਲ ਅਤੇ ਸਾਈਪ੍ਰਸ ਵਿੱਚ ਵੀ ਮਹਿਸੂਸ ਕੀਤੇ ਗਏ। ਯੂਰਪੀਅਨ ਮੈਡੀਟੇਰੀਅਨ ਸੀਸਮੋਲੋਜੀਕਲ ਸੈਂਟਰ ਦੇ ਅਨੁਸਾਰ ਹਾਲੇ ਹੋਰ ਝਟਕਿਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।