ਡਾਕਟਰਾਂ ਨੇ ਕੱਟੇ ਸਿਰ ਨੂੰ ਧੜ ਨਾਲ ਜੋੜ ਕੇ ਕਰ ਦਿਖਾਇਆ ਚਮਤਕਾਰ

  • ਡਾਕਟਰਾਂ ਨੇ ਇਜ਼ਰਾਇਲ 12 ਸਾਲਾ ਮੁੰਡੇ ਦੀ ਸਰਜਰੀ ਕਰਕੇ ਜੋੜੀ ਗਰਦਨ

ਇਜ਼ਰਾਇਲ, 14 ਜੁਲਾਈ : ਇਜ਼ਰਾਇਲ ਦੇ ਡਾਕਟਰਾਂ ਨੇ ਕੱਟੇ ਸਿਰ ਨੂੰ ਧੜ ਨਾਲ ਜੋੜ ਕੇ ਚਮਤਕਾਰ ਕਰ ਦਿਖਾਇਆ ਹੈ। ‘ਦਿ ਟਾਈਮਜ਼ ਆਫ ਇਜ਼ਰਾਇਲ’ ਦੀ ਰਿਪੋਰਟ ਅਨੁਸਾਰ ਡਾਕਟਰਾਂ ਨੇ 12 ਸਾਲਾ ਮੁੰਡੇ ਦੀ ਬੇਹੱਦ ਗੁੰਝਲਦਾਰ ਸਰਜਰੀ ਕਰ ਕੇ ਉਸ ਦੇ ਸਿਰ ਨੂੰ ਉਸ ਦੀ ਗਰਦਨ ਨਾਲ ਫਿਰ ਜੋੜ ਦਿੱਤਾ। ਸਾਈਕਲ ਚਲਾਉਂਦੇ ਸਮੇਂ ਮੁੰਡਾ ਕਾਰ ਦੀ ਲਪੇਟ ’ਚ ਆ ਗਿਆ ਸੀ। ਹਾਦਸਾ ਏਨਾ ਭਿਆਨਕ ਸੀ ਕਿ ਉਸ ਦਾ ਸਿਰ ਗਰਦਨ ਨਾਲੋਂ ਪੂਰੀ ਤਰ੍ਹਾਂ ਵੱਖ ਹੋ ਗਿਆ ਸੀ ਤੇ ਸਿਰਫ਼ ਚਮੜੀ ਨਾਲ ਜੁੜਿਆ ਹੋਇਆ ਸੀ। ਇਸ ਸਥਿਤੀ ਨੂੰ ਮੈਡੀਕਲ ਵਿਗਿਆਨ ਵਿਚ ਅੰਦਰੂਨੀ ਕਠੋਰਤਾ ਕਿਹਾ ਜਾਂਦਾ ਹੈ। ਅੰਦਰੂਨੀ ਤੌਰ 'ਤੇ ਲੱਗੀ ਇਸ ਸੱਤ ਕਾਰਨ ਸਿਰ ਰੀੜ੍ਹ ਦੀ ਹੱਡੀ ਦੇ ਉੱਪਰਲੇ ਹਿੱਸੇ ਤੋਂ ਕੱਟਿਆ ਜਾਂਦਾ ਹੈ ਪਰ ਚਮੜੀ ਦੁਆਰਾ ਬਾਹਰੋਂ ਜੁੜਿਆ ਰਹਿੰਦਾ ਹੈ। ਦੂਜੇ ਸ਼ਬਦਾਂ ਵਿਚ, ਇਹ ਇਕ ਅਜਿਹੀ ਸਥਿਤੀ ਹੈ ਜਦੋਂ ਸਿਰ ਨੂੰ ਰੀੜ੍ਹ ਦੀ ਹੱਡੀ  ਦੇ ਉੱਪਰਲੇ ਹਿੱਸੇ ਨਾਲ ਜੋੜਨ ਵਾਲੀਆਂ ਮਾਸਪੇਸ਼ੀਆਂ ਇਕ ਜ਼ਬਰਦਸਤੀ ਝਟਕੇ ਦੇ ਅਧੀਨ ਫਟ ਜਾਂਦੀਆਂ ਹਨ। ਡੇਲੀ ਮੇਲ ਦੀ ਰਿਪੋਰਟ ਅਨੁਸਾਰ ਇਸ ਕਿਸਮ ਦੀ ਸੱਟ ਬਹੁਤ ਦੁਰਲਭ ਹੁੰਦੀ ਹੈ। ਰੀੜ੍ਹ ਦੀ ਹੱਡੀ ਦੀ ਅਜਿਹੀ ਸੱਟ ਦੀ ਘਟਨਾ ਇਕ ਪ੍ਰਤੀਸ਼ਤ ਤੋਂ ਘੱਟ ਹੈ। ਹਾਲਾਂਕਿ, ਅੰਦਰੂਨੀ ਸਿਰ ਕੱਟਣ ਦੇ ਮਾਮਲੇ ਬਹੁਤੇ ਨਹੀਂ ਜਾਣੇ ਜਾਂਦੇ ਹਨ ਕਿਉਂਕਿ 70 ਫ਼ੀ ਸਦੀ ਪੀੜਤਾਂ ਦੀ ਮੌਕੇ 'ਤੇ ਜਾਂ ਹਸਪਤਾਲ ਦੇ ਰਸਤੇ 'ਚ ਹੀ ਮੌਤ ਹੋ ਜਾਂਦੀ ਹੈ। ਫਿਲਾਡੇਲਫੀਆ ਦੇ ਚਿਲਡਰਨ ਹਸਪਤਾਲ ਵਿਚ ਕੀਤੇ ਗਏ ਇਕ ਅਧਿਐਨ ਦੇ ਅਨੁਸਾਰ, 1983 ਤੋਂ 2003 (17 ਸਾਲ) ਵਿਚਕਾਰ ਅੰਦਰੂਨੀ ਸਿਰ ਵੱਢਣ ਦੇ 16 ਮਾਮਲੇ ਸਾਹਮਣੇ ਆਏ ਸਨ। ਟਾਈਮਜ਼ ਆਫ਼ ਇਜ਼ਰਾਈਲ ਦੀ ਰਿਪੋਰਟ ਦੇ ਅਨੁਸਾਰ, ਇਹ ਘਟਨਾ ਪਿਛਲੇ ਮਹੀਨੇ ਯਾਨੀ ਜੂਨ ਵਿਚ ਵਾਪਰੀ ਸੀ, ਪਰ ਡਾਕਟਰਾਂ ਨੇ ਜੁਲਾਈ ਤਕ ਇਸ ਘਟਨਾ ਨੂੰ ਜਨਤਕ ਨਹੀਂ ਕੀਤਾ ਸੀ। ਡਾਕਟਰਾਂ ਦਾ ਕਹਿਣਾ ਹੈ ਕਿ ਸੁਲੇਮਾਨ ਹਸਨ ਦਾ ਠੀਕ ਹੋਣਾ ਕਿਸੇ ਚਮਤਕਾਰ ਤੋਂ ਘੱਟ ਨਹੀਂ ਸੀ ਕਿਉਂਕਿ ਉਸ ਦੇ ਬਚਣ ਦੀ ਸੰਭਾਵਨਾ ਬਹੁਤ ਘੱਟ ਸੀ। ਇਹ ਸਰਜਰੀ ਕਈ ਘੰਟੇ ਚੱਲੀ। ਫਿਲਹਾਲ ਸੁਲੇਮਾਨ ਨੂੰ ਹਸਪਤਾਲ ਤੋਂ ਛੁੱਟੀ ਦੇ ਦਿਤੀ ਗਈ ਹੈ। ਡਾਕਟਰਾਂ ਨੇ ਦਸਿਆ ਕਿ ਸਰਜਰੀ ਦੌਰਾਨ ਉਨ੍ਹਾਂ ਨੇ ਸੁਲੇਮਾਨ ਦੇ ਸਿਰ ਨੂੰ ਰੀੜ੍ਹ ਦੀ ਹੱਡੀ ਨਾਲ ਜੋੜਨ ਲਈ ਰਾਡਾਂ, ਪੇਚਾਂ, ਪਲੇਟਾਂ ਅਤੇ ਹੱਡੀਆਂ ਦੇ ਗ੍ਰਾਫਟ ਦੀ ਵਰਤੋਂ ਕੀਤੀ। ਉਨ੍ਹਾਂ ਕਿਹਾ ਕਿ ਇਹ ਸਰਜਰੀ ਇਸ ਲਈ ਸੰਭਵ ਹੋਈ ਕਿਉਂਕਿ ਸੜਕ ਹਾਦਸੇ ਵਿਚ ਸੁਲੇਮਾਨ ਦੀਆਂ ਮੁੱਖ ਨਸਾਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ ਸੀ। ਇਸ ਕਾਰਨ ਦਿਮਾਗ 'ਚ ਖ਼ੂਨ ਦਾ ਸੰਚਾਰ ਠੀਕ ਰਿਹਾ। ਅਜਿਹਾ ਨਾ ਹੋਣ ਦੀ ਸੂਰਤ ਵਿਚ ਉਹ ਬ੍ਰੇਨ ਡੈੱਡ ਹੋ ਜਾਣਾ ਸੀ ਅਤੇ ਉਸ ਦੀ ਮੌਕੇ 'ਤੇ ਹੀ ਮੌਤ ਹੋ ਜਾਂਦੀ। ਸਰਜਰੀ ਕਰਨ ਵਾਲੇ ਹਦਸਾਹ ਮੈਡੀਕਲ ਸੈਂਟਰ ਦੇ ਡਾਕਟਰ ਓਹਦ ਇਨਾਵ ਅਤੇ ਡਾਕਟਰ ਜ਼ੀਵ ਆਸਾ ਨੇ ਕਿਹਾ ਕਿ ਸੁਲੇਮਾਨ ਨੂੰ ਕੋਈ ਨਿਊਰੋਲੋਜੀਕਲ ਘਾਟ ਜਾਂ ਸੰਵੇਦੀ ਸਮੱਸਿਆ ਨਹੀਂ ਸੀ। ਉਸ ਦੇ ਸਰੀਰ ਵਿਚ ਕੋਈ ਕਮਜ਼ੋਰੀ ਨਹੀਂ ਹੈ ਅਤੇ ਉਹ ਬਗ਼ੈਰ ਕਿਸੇ ਦੀ ਮਦਦ ਦੇ ਤੁਰ ਸਕਦਾ ਹੈ ਪਰ ਉਸ ਨੂੰ ਕੁੱਝ ਸਮੇਂ ਲਈ ਫਿਜ਼ੀਓਥੈਰੇਪੀ ਦਿਤੀ ਜਾਵੇਗੀ। ਇਸ ਤੋਂ ਬਾਅਦ ਹੀ ਉਹ ਅਪਣਾ ਸਿਰ ਅਤੇ ਗਰਦਨ ਹਿਲਾ ਸਕੇਗਾ।