ਨਿਊਯਾਰਕ ਦੇ ਸਕੂਲਾਂ ਵਿੱਚ ਦੀਵਾਲੀ ਮੌਕੇ ਛੁੱਟੀ ਕਰਨ ਦਾ ਮਤਾ ਹੋਇਆ ਪਾਸ

ਵਾਸ਼ਿੰਗਟਨ, 17 ਫਰਵਰੀ : ਅਮਰੀਕਾ ਵਿਚ ਭਾਰਤੀ ਭਾਈਚਾਰੇ ਦਾ ਪ੍ਰਭਾਵ ਲਗਾਤਾਰ ਵਧਦਾ ਜਾ ਰਿਹਾ ਹੈ ਅਤੇ ਹੁਣ ਨਿਊਯਾਰਕ ਸਿਟੀ ਕੌਂਸਲਵੁਮੈਨ ਲਿੰਡਾ ਲੀ ਨੇ ਵਿਦਿਆਰਥੀਆਂ ਲਈ ਦੀਵਾਲੀ ਮੌਕੇ ਸਕੂਲ ਦੀ ਛੁੱਟੀ ਦਾ ਸਮਰਥਨ ਕਰਨ ਲਈ ਇਕ ਮਤਾ ਪਾਸ ਕੀਤਾ ਹੈ। ਯਾਨੀ ਹੁਣ ਦੀਵਾਲੀ ਵਾਲੇ ਦਿਨ ਨਿਊਯਾਰਕ ਵਿਚ ਸਕੂਲਾਂ ਵਿਚ ਛੁੱਟੀਆਂ ਹੋਣਗੀਆਂ ਅਤੇ ਇਸ ਮਤੇ ਦਾ ਪਾਸ ਹੋਣਾ ਆਪਣੇ ਆਪ ਵਿਚ ਇਕ ਇਤਿਹਾਸਕ ਮੌਕਾ ਹੈ। ਟਵਿਟਰ 'ਤੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਨਿਊਯਾਰਕ ਸਟੇਟ ਅਸੈਂਬਲੀ ਵੂਮੈਨ ਜੈਨੀਫਰ ਰਾਜਕੁਮਾਰ ਨੇ ਕਿਹਾ ਕਿ ਨਿਊਯਾਰਕ ਸਿਟੀ ਕੌਂਸਲਵੁਮੈਨ ਲਿੰਡਾ ਲੀ ਨੇ ਸਕੂਲੀ ਵਿਦਿਆਰਥੀਆਂ ਲਈ ਦੀਵਾਲੀ ਦੀਆਂ ਛੁੱਟੀਆਂ ਲਈ ਲਿਆਂਦਾ ਮਤਾ ਪਾਸ ਕੀਤਾ ਹੈ। ਲਿੰਡਾ ਲੀ ਨੇ ਵੀ ਆਪਣੇ ਟਵਿਟਰ ਹੈਂਡਲ ਤੋਂ ਇਸ ਗੱਲ ਦਾ ਐਲਾਨ ਕੀਤਾ ਹੈ ਅਤੇ ਲਿਖਿਆ ਹੈ ਕਿ ਉਸ ਨੇ ਨਿਊਯਾਰਕ ਸਿਟੀ ਦੇ ਸਕੂਲਾਂ ਲਈ ਦੀਵਾਲੀ 'ਤੇ ਸਕੂਲਾਂ ਵਿਚ ਛੁੱਟੀ ਦਾ ਐਲਾਨ ਕਰਨ ਲਈ "ਇਤਿਹਾਸਕ" ਮਤਾ ਪਾਸ ਕੀਤਾ ਹੈ। ਟਵਿਟਰ 'ਤੇ ਵੀਡੀਓ ਸ਼ੇਅਰ ਕਰਦੇ ਹੋਏ ਲਿੰਡਾ ਲੀ ਨੇ ਲਿਖਿਆ, "ਅਸੀਂ ਉਦੋਂ ਤੱਕ ਨਿਊਯਾਰਕ ਦੇ ਸੱਭਿਆਚਾਰ ਦੀ ਮਹਾਨ ਵਿਭਿੰਨਤਾ ਦੀ ਪੂਰੀ ਤਰ੍ਹਾਂ ਕਦਰ ਨਹੀਂ ਕਰ ਸਕਦੇ ਜਦੋਂ ਤੱਕ ਸਾਡੇ ਵਿਦਿਆਰਥੀਆਂ ਵਿਚੋਂ ਇਕ ਪੰਜਵੇਂ ਵਿਦਿਆਰਥੀ ਨੂੰ ਆਪਣੇ ਪਰਿਵਾਰਾਂ ਨਾਲ ਆਪਣੀਆਂ ਪਰੰਪਰਾਵਾਂ ਦਾ ਜਸ਼ਨ ਮਨਾਉਣ ਲਈ ਸਰਕਾਰੀ ਛੁੱਟੀ ਨਹੀਂ ਹੋਵੇਗੀ”। ਇਸ ਦੇ ਨਾਲ ਹੀ ਲਿੰਡਾ ਲੀ ਨੇ ਬਿੱਲ ਦਾ ਸਮਰਥਨ ਕਰਨ ਵਾਲੇ ਆਪਣੇ ਸਹਿਯੋਗੀਆਂ ਦਾ ਧੰਨਵਾਦ ਕੀਤਾ।