ਗੁਰੂ ਨਾਨਕ ਦਰਬਾਰ ਗੁਰਦੁਆਰਾ ਸਾਹਿਬ ਦੁਬਈ ’ਚ ਅੱਜ ਕਰਵਾਏ ਜਾਣਗੇ ਗੰਗਾ ਸਾਗਰ ਦੇ ਦਰਸ਼ਨ

ਦੁਬਈ, 14 ਜਨਵਰੀ (ਸੁਖਦੀਪ ਸਿੰਘ ਸੁੱਖਾ) : ਗੁਰੂ ਨਾਨਕ ਦਰਬਾਰ ਗੁਰਦੁਆਰਾ ਸਾਹਿਬ ਦੁਬਈ ਦੇ 11ਵੇਂ ਸਥਾਪਨਾ ਦਿਵਸ ਮੌਕੇ 15 ਜਨਵਰੀ ਨੂੰ ਇੱਕ ਸਮਾਗਮ ਕਰਵਾਇਆ ਜਾ ਰਿਹਾ ਹੈ। ਇਸ ਸਮਾਗਮ ’ਚ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਸਿੰਘ ਸਾਹਿਬ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ, ਸਿੱਖ ਫੋਰਮ ਦੇ ਪ੍ਰਧਾਨ ਪ੍ਰੋ. ਹਰੀ ਸਿੰਘ ਸ਼ਾਮਿਲ ਹੋ ਰਹੇ ਹਨ, ਉੱਥੇ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਰਾਏਕੋਟ ਆਉਣ ’ਤੇ ਉਨ੍ਹਾਂ ਦੀ ਸੇਵਾ ਕਰਨ ਵਾਲੇ ਉਸ ਸਮੇਂ ਨਵਾਬ ਰਾਏ ਕੱਲ੍ਹਾ ਦੇ ਵੰਸ਼ਜ ਅਤੇ ਪਾਕਿਸਤਾਨ ਦੇ ਸਾਬਕਾ ਐਮ.ਪੀ. ਰਾਏ ਅਜ਼ੀਜ਼ ਉੱਲਾ ਖਾਂ ਵਿਸ਼ੇਸ਼ ਤੌਰ ਤੇ ਸਿਰਕਤ ਕਰਨਗੇ। ਜੋ ਸ੍ਰੀ ਗੁਰੂ ਗੋਬਿੰਦ ਸਿੰਘ ਵੱਲੋਂ ਉਨ੍ਹਾਂ ਦੇ ਵਢੇਰਿਆਂ ਨੂੰ ਬਖ਼ਸੀ ਅਨਮੋਲ ਦਾਤ ਗੰਗਾ ਸਾਗਰ ਦੇ ਗੁਰਦੁਆਰਾ ਸਾਹਿਬ ਵਿਖੇ ਸ਼ਾਮਿਲ ਹੋਣ ਵਾਲੀਆਂ ਸੰਗਤਾਂ ਨੂੰ ਦਰਸ਼ਨ ਕਰਵਾਉਣਗੇ। ਇਸ ਸਬੰਧੀ ਰਾਏ ਅਜ਼ੀਜ਼ ਉੱਲ੍ਹਾ ਖਾਨ ਨੇ ਦੱਸਿਆ ਕਿ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਵੱਲੋਂ ਉਨ੍ਹਾਂ ਨੂੰ ਗੰਗਾ ਸਾਗਰ ਦੇ ਰੂਪ ਵਿੱਚ ਪਵਿੱਤਰ ਨਿਸ਼ਾਨੀ ਦਿੱਤੀ ਗਈ ਸੀ, ਜੋ 17ਵੀਂ ਸਦੀ ਦਾ ਰਵਾਇਤੀ ਤਾਂਬੇ ਦਾ ਇੱਕ ਕਲਸ਼ ਹੈ, ਜਿਸਦਾ ਵਜ਼ਨ ਲੱਗਭੱਗ ਅੱਧਾ ਕਿਲੋੋ ਹੋਵੇਗਾ ਅਤੇ ਇਸ ਵਿੱਚ 100 ਛੇਕ ਹਨ, ਉਨ੍ਹਾਂ ਦੱਸਿਆ ਕਿ ਅਗਰ ਇਸ ਵਿੱਚ ਦੁੱਧ ਪਾਇਆ ਜਾਵੇਗਾ ਤਾਂ ਬਾਹਰ ਨਹੀਂ ਆਉਂਦਾ। ਇਸ ਮੌਕੇ ਗੁਰੂ ਨਾਨਕ ਦਰਬਾਰ ਗੁਰਦੁਆਰਾ ਸਾਹਿਬ ਦੁਬਈ ਦੇ ਚੇਅਰਮੈਨ ਡਾ. ਸੁਰਿੰਦਰ ਸਿੰਘ ਕੰਧਾਰੀ ਵੱਲੋਂ ਵੀ ਸੰਬੋਧਨ ਕੀਤਾ ਜਾਵੇਗਾ ਅਤੇ ਭਾਈ ਯਾਦਵਿੰਦਰ ਸਿੰਘ ਅਤੇ ਬੀਬੀ ਅੰਮ੍ਰਿਤਾ ਕੌਰ ਦੇ ਜੱਥਿਆਂ ਵੱਲੋਂ ਗੁਰਬਾਣੀ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ ਜਾਵੇਗਾ।