ਚੀਨ ਵਿਚ ਸਕੂਲ ਜਿਮ ਦੀ ਛੱਤ ਡਿੱਗਣ ਕਾਰਨ 9 ਦੀ ਮੌਤ, 2 ਮਲਬੇ ਵਿਚ ਫਸੇ

ਕਿਕਿਹਾਰ, 24 ਜੁਲਾਈ : ਚੀਨ ਵਿਚ ਹੋਏ ਇਕ ਹਾਦਸੇ ‘ਚ 9 ਲੋਕਾਂ ਦੀ ਮੌਤ ਹੋ ਗਈ ਹੈ ਤੇ ਕਈ ਜ਼ਖਮੀ ਹਨ। 2 ਲੋਕ ਅਜੇ ਵੀ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੇ ਹਨ। ਹੇਇਲੋਂਗਜਿਆਂਗ ਸੂਬੇ ਦੇ ਕਿਕਿਹਾਰ ਸ਼ਹਿਰ ਵਿਚ ਇਕ ਸਕੂਲ ਵਿਚ ਬਣੀ ਜਿਮ ਦੀ ਛੱਤ ਡਿੱਗ ਗਈ ਜਿਸ ਨਾਲ ਜਿਮ ਵਿਚ ਮੌਜੂਦ 9 ਲੋਕਾਂ ਦੀ ਮਲਬੇ ਵਿਚ ਦਬਣ ਨਾਲ ਮੌਤ ਹੋ ਗਈ। ਜਾਣਕਾਰੀ ਮੁਤਾਬਕ ਘਟਨਾ ਕਿਕਿਹਾਰ ਸ਼ਹਿਰ ਵਿਚ ਸਥਿਤ 34 ਮਿਡਲ ਸਕੂਲ ਵਿਚ ਸਥਿਤ ਜਿਮ ਵਿਚ 19 ਲੋਕ ਮੌਜੂਦ ਸਨ। ਅਚਾਨਕ ਤੋਂ ਜਿਮ ਦੀ ਛੱਤ ਡਿੱਗ ਗਈ ਜਿਸ ਨਾਲ ਜਿਮ ਵਿਚ ਮੌਜੂਦ ਲੋਕ ਮਲਬੇ ਦੀ ਲਪੇਟ ਵਿਚ ਆ ਗਏ। ਘਟਨਾ ਸਮੇਂ ਚਾਰ ਲੋਕ ਹਾਦਸੇ ਵਿਚ ਬਚ ਗਏ ਤੇ 15 ਲੋਕ ਫਸ ਗਏ। ਹੁਣ ਤੱਕ 13 ਲੋਕਾਂ ਨੂੰ ਮਲਬੇ ਤੋਂ ਕੱਢ ਲਿਆ ਗਿਆ ਹੈ ਜਿਸ ਵਿਚੋਂ 9 ਦੀ ਮੌਤ ਹੋ ਗਈ ਤੇ ਚਾਰ ਦਾ ਅਜੇ ਵੀ ਗੰਭੀਰ ਹਾਲਤ ਵਿਚ ਇਲਾਜ ਚੱਲ ਰਿਹਾ ਹੈ। ਮਲਬੇ ਵਿਚ ਫਸੇ ਦੋ ਲੋਕਾਂ ਨੂੰ ਬਚਾਉਣ ਲਈ ਬਚਾਅ ਕਾਰਜ ਚੱਲ ਰਿਹਾ ਹੈ। ਸ਼ੁਰੂਆਤੀ ਜਾਂਚ ਵਿਚ ਖੁਲਾਸਾ ਹੋਇਆ ਕਿ ਸਕੂਲ ਜਿਮ ਦੇ ਬਰਾਬਰ ਇਕ ਹੋਰ ਇਮਾਰਤ ਦਾ ਨਿਰਮਾਣ ਹੋ ਰਿਹਾ ਸੀ ਤੇ ਉਸ ਇਮਾਰਤ ਵਿਚ ਨਿਰਮਾਣ ਕੰਮ ਕਰਨ ਵਾਲੇ ਮਜ਼ਦੂਰਾਂ ਨੇ ਸਕੂਲ ਜਿਮ ਦੀ ਛੱਤ ‘ਤੇ ਪਰਲਾਈਟ ਰੱਖ ਦਿੱਤਾ ਸੀ। ਮੀਂਹ ਦੀ ਵਜ੍ਹਾ ਨਾਲ ਪਰਲਾਈਨ ਪਾਣੀ ਸੋ ਕੇ ਭਾਰੀ ਹੋ ਗਿਆ ਤੇ ਉਸ ਦੇ ਭਾਰ ਨਾਲ ਛੱਤ ਡਿੱਗ ਗਈ। ਦੱਸ ਦੇਈਏ ਕਿ ਪਰਲਾਈਟ ਜਵਾਲਾਮੁਖੀ ਤੋਂ ਪ੍ਰਾਪਤ ਇੱਕ ਕੁਦਰਤੀ ਅਕਾਰਬਨਿਕ ਗੈਰ-ਜ਼ਹਿਰੀਲੀ ਸਮੱਗਰੀ ਹੈ, ਜੋ ਕਿ ਰਸਾਇਣਕ ਤੌਰ ‘ਤੇ ਜਵਾਲਾਮੁਖੀ ਸ਼ੀਸ਼ੇ ਦੀ ਇੱਕ ਕਿਸਮ ਹੈ। ਇਸ ਵਿੱਚ ਪਾਣੀ ਨੂੰ ਸੋਖਣ ਦੀ ਸਮਰੱਥਾ ਹੁੰਦੀ ਹੈ। ਇਨ੍ਹੀਂ ਦਿਨੀਂ ਚੀਨ ਦੇ ਕਈ ਇਲਾਕਿਆਂ ‘ਚ ਭਾਰੀ ਬਾਰਿਸ਼ ਹੋ ਰਹੀ ਹੈ, ਜਿਸ ਕਾਰਨ ਹੜ੍ਹ ਵਰਗੇ ਹਾਲਾਤ ਬਣੇ ਹੋਏ ਹਨ। ਮੰਨਿਆ ਜਾ ਰਿਹਾ ਹੈ ਭਾਰੀ ਮੀਂਹ ਨਾਲ ਨਿਰਮਾਣ ਕਮਜ਼ੋਰ ਹੋਇਆ ਤੇ ਫਿਰ ਪਰਲਾਈਟ ਦੇ ਭਾਰ ਦੇ ਚੱਲਦਿਆਂ ਹਾਦਸਾ ਹੋ ਗਿਆ। ਘਟਨਾ ਦੇ ਬਾਅਦ ਇਮਾਰਤ ਦਾ ਨਿਰਮਾਣ ਕਰਨ ਵਾਲੀ ਕੰਸਟ੍ਰਕਸ਼ਨ ਕੰਪਨੀ ਦੇ ਅਧਿਕਾਰੀਆਂ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ ਤੇ ਅੱਗੇ ਦੀ ਜਾਂਚ ਜਾਰੀ ਹੈ।