ਕੈਨੇਡੀਅਨ ਸਰਕਾਰ 700 ਭਾਰਤੀ ਵਿਦਿਆਰਥੀਆਂ ਨੂੰ ਕਰੇਗੀ ਡਿਪੋਰਟ, ਜਲੰਧਰ ਦੇ ਏਜੰਟ ਨੇ ਵਿਦਿਆਰਥੀਆਂ ਨੂੰ ਦਿੱਤਾ ਫਰਜੀ ਆਫਰ ਲੈਟਰ

ਟੋਰਾਂਟੋਂ, 15 ਮਾਰਚ (ਭੁਪਿੰਦਰ ਸਿੰਘ ਠੁੱਲੀਵਾਲ) : ਜਲੰਧਰ ਦੇ ਏਜੰਟ ਵੱਲੋਂ ਵਿਦਿਆਰਥੀਆਂ ਨੂੰ ਫਰਜ਼ੀ ਆਫਰ ਲੈਟਰ ਦੇ ਕੇ ਕੈਨੇਡਾ ਕਾਲਜ ‘ਚ ਦਾਖਲਾ ਦਵਾਇਆ ਗਿਆ ਸੀ, ਜਿਸ ਬਾਰੇ ਪਤਾ ਲੱਗਣ ਤੋਂ ਬਾਅਦ 700 ਵਿਦਿਆਰਥੀਆਂ ਨੂੰ ਕੈਨੇਡੀਅਨ ਸਰਕਾਰ ਡਿਪੋਰਟ ਕਰਨ ਜਾ ਰਹੀ ਹੈ। ਮਿਲੀ ਜਾਣਕਾਰੀ ਅਨੁਸਾਰ ਕੈਨੇਡੀਅਨ ਬਾਰਡਰ ਸਕਿਊਰਿਟੀ ਏਜੰਸੀ ਵੱਲੋਂ 700 ਭਾਰਤੀ ਵਿਦਿਆਰਥੀਆਂ ਨੂੰ ਇੱਕ ਪੱਤਰ ਜਾਰੀ ਕਰਕੇ ਲਿਖਿਆ ਹੈ ਕਿ ਉਨ੍ਹਾਂ ਨੂੰ ਵਾਪਸ ਭਰਤ ਜਾਣਾ ਪਵੇਗਾ। ਦੱਸਿਆ ਜਾ ਰਿਹਾ ਹੈ ਕਿ ਜਲੰਧਰ ਦੇ ਐਜ਼ੂਕੇਸ਼ਨ ਮਾਰੀਗ੍ਰੇਸ਼ਨ ਸਰਵਿਸ ਸੈਂਟਰ ਰਾਹੀਂ 700 ਵਿਦਿਆਰਥੀਆਂ ਨੇ ਸਟੱਡੀ ਵੀਜ਼ੇ ਲਈ ਅਪਲਾਈ ਕੀਤਾ ਸੀ, ਹੰਬਰ ਕਾਲਜ ਵਿੱਚ ਦਾਖ਼ਲੇ ਲਈ ਪ੍ਰਤੀ ਵਿਦਿਆਰਥੀ 16 ਤੋਂ 20 ਲੱਖ ਰੁਪਏ ਲਏ ਗਏ ਸਨ। ਜਦੋਂ ਕਿ ਟਿਕਟਾਂ ਤੇ ਸੁਰੱਖਿਆ ਖਰਚੇ ਵੱਖਰੇ ਸਨ। ਹੁਣ ਵਿਦਿਆਰਥੀਆਂ ਕੋਲ ਕੈਨੇਡਾ ਸਰਕਾਰ ਵੱਲੋਂ ਦਿਤੇ ਨੋਟਿਸ ਨੂੰ ਅਦਾਲਤ ਵਿੱਚ ਚੁਣੌਤੀ ਦੇਣ ਤੋਂ ਸਿਵਾਏ ਕੋਈ ਵਿਕਲਪ ਨਹੀਂ ਹੈ। ਜਿਸ ਦੀ ਸੁਣਵਾਈ ਵਿੱਚ 3 ਤੋਂ 4 ਸਾਲ ਲੱਗ ਸਕਦੇ ਹਨ। ਵਿਦਿਆਰਥੀਆਂ ਨੇ ਦੱਸਿਆ ਕਿ ਜਦੋਂ ਉਹ ਵਿਦੇਸ਼ ਪੁੱਜੇ ਤਾਂ ਉਨ੍ਹਾਂ ਨੂੰ ਕਿਹਾ ਗਿਆ ਕਿ ਕਾਲਜ ਦੀਆਂ ਸਾਰੀਆਂ ਸੀਟਾਂ ਭਰ ਗਈਆਂ ਹਨ ਅਤੇ ਵਿਦਿਆਰਥੀਆਂ ਨੂੰ ਅਗਲੇ ਸਮੈਸਟਰ ਤੱਕ 6 ਮਹੀਨੇ ਉਡੀਕ ਕਰਨੀ ਪਵੇਗੀ। ਇਨ੍ਹਾਂ ਵਿਦਿਆਰਥੀਆਂ ਨੂੰ ਏਜੰਸੀ ਵੱਲੋਂ ਫੀਸ ਵਾਪਸ ਕਰ ਦਿੱਤੀ ਗਈ ਅਤੇ ਅਗਲੇ ਸਮੈਸਟਰ ਲਈ ਦਾਖਲਾ ਲਿਆ ਗਿਆ। ਫੀਸ ਵਾਪਸ ਹੋਣ ਤੋਂ ਬਾਅਦ ਵਿਦਿਆਰਥੀਆਂ ਨੂੰ ਏਜੰਟ ਉੱਤੇ ਪੱਕਾ ਵਿਸ਼ਵਾਸ਼ ਹੋ ਗਿਆ। ਹੁਣ ਜਦੋਂ ਵਿਦਿਆਰਥੀਆਂ ਨੇ ਆਪਣੀ ਪੜ੍ਹਾਈ ਪੂਰੀ ਕੀਤੀ। ਕੰਮ ਦਾ ਤਜ਼ਰਬਾ ਹਾਸਲ ਕਰਨ ਤੋਂ ਬਾਅਦ, ਪੀ.ਆਰ. ਲਈ ਅਪਲਾਈ ਕੀਤਾ। ਪੀਆਰ ਦੇ ਸਮੇਂ ਜਦੋਂ ਸੀਬੀਐਸਏ ਨੇ ਉਨ੍ਹਾਂ ਦੇ ਦਸਤਾਵੇਜ਼ਾਂ ਦੀ ਜਾਂਚ ਕੀਤੀ ਤਾਂ ਇਹ ਸਾਹਮਣੇ ਆਇਆ ਕਿ ਏਜੰਟ ਦੁਆਰਾ ਵਿਦਿਆਰਥੀਆਂ ਨੂੰ ਪ੍ਰਦਾਨ ਕੀਤੇ ਗਏ ਪੇਸ਼ਕਸ਼ ਪੱਤਰ ਜਾਅਲੀ ਸਨ। ਇਸੇ ਲਈ ਇਨ੍ਹਾਂ ਸਾਰੇ ਵਿਦਿਆਰਥੀਆਂ ਨੂੰ ਡਿਪੋਰਟ ਕਰਨ ਲਈ ਪੱਤਰ ਜਾਂ ਨੋਟਿਸ ਦਿੱਤੇ ਗਏ ਹਨ। ਬਿਨ੍ਹਾ ਕਿਸੇ ਕਾਗਜਾਤ ਦੇ ਦਸਤਖ਼ਤ ਕੀਤਿਆਂ ਜਲੰਧਰ ਤੇ ਉਕਤ ਏਜੰਟ ਨੇ ਬੜੀ ਚਲਾਕੀ ਨਾਲ ਇਸ ਕੰਮ ਨੂੰ ਪੂਰਾ ਕੀਤਾ।, ਜਿਸ ਕਾਰਨ ਵਿਦਿਆਰਥੀ ਕੈਨੇਡੀਅਨ ਬਾਰਡਰ ਸਕਿਊਰਿਟੀ ਏਜੰਸੀ ਕੋਲ ਆਪਣੇ ਆਪ ਨੁੰ ਨਿਰਦੋਸ਼ ਸਾਬਤ ਕਰਨ ‘ਚ ਅਸਫਲ ਹਨ। ਹੁਣ ਇਸ ਦਾ ਨਤੀਜਾ ਕੀ ਨਿਕਲਦਾ ਹੈ, ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ, ਪਰ ਫਿਲਹਾਲ 700 ਵਿਦਿਆਰਥੀਆਂ ਤੇ ਉਨ੍ਹਾਂ ਨੂੰ ਸਰਕਾਰ ਵੱਲੋਂ ਡਿਪੋਰਟ ਕਰਨ ਦੇ ਦਿੱਤੇ ਨੋਟਿਸ ਦੀ ਤਲਵਾਰ ਸਿਰ ਤੇ ਲਟਕ ਰਹੀ ਹੈ।