ਕੈਨੇਡਾ ਪੰਜਾਬ ਦੇ ਹਾਲਾਤ 'ਤੇ ਨੇੜਿਓਂ ਨਜ਼ਰ ਰੱਖ ਰਿਹਾ ਹੈ : ਵਿਦੇਸ਼ ਮੰਤਰੀ ਮੇਲਾਨੀ ਜੌਲੀ

ਟੋਰਾਂਟੋਂ, 26 ਮਾਰਚ : ਕੈਨੇਡਾ ਦੀ ਵਿਦੇਸ਼ ਮੰਤਰੀ ਮੇਲਾਨੀ ਜੌਲੀ ਨੇ ਸੰਸਦ 'ਚ ਦਿੱਤੇ ਬਿਆਨ 'ਚ ਕਿਹਾ ਕਿ ਕੈਨੇਡਾ ਪੰਜਾਬ ਦੇ ਹਾਲਾਤ 'ਤੇ ਨੇੜਿਓਂ ਨਜ਼ਰ ਰੱਖ ਰਿਹਾ ਹੈ ਅਤੇ ਉਹ ਕੈਨੇਡਾ 'ਚ ਰਹਿ ਰਹੇ ਭਾਈਚਾਰੇ ਨੂੰ ਇਸ ਬਾਰੇ ਜਾਣਕਾਰੀ ਦਿੰਦੇ ਰਹਿਣਗੇ। ਇਸ ਦੇ ਨਾਲ ਹੀ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਵਿਦੇਸ਼ੀ ਆਗੂਆਂ ਵੱਲੋਂ ਪੰਜਾਬ ਬਾਰੇ ਦਿੱਤੇ ਬਿਆਨ 'ਤੇ ਕਿਹਾ ਕਿ ਗਲਤ ਅਤੇ ਗੁੰਮਰਾਹਕੁੰਨ ਜਾਣਕਾਰੀ 'ਤੇ ਵਿਸ਼ਵਾਸ ਨਾ ਕਰੋ। ਦੱਸ ਦਈਏ ਕਿ ਪੰਜਾਬ ਪੁਲਿਸ ਨੇ 'ਵਾਰਿਸ ਪੰਜਾਬ ਦੇ' ਦੇ ਆਗੂ ਅੰਮ੍ਰਿਤਪਾਲ ਸਿੰਘ ਦੇ ਕਈ ਸਾਥੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਫਰਾਰ ਅੰਮ੍ਰਿਤਪਾਲ ਦੀ ਭਾਲ ਕੀਤੀ ਜਾ ਰਹੀ ਹੈ। ਕੈਨੇਡਾ ਦੀ ਸੰਸਦ 'ਚ ਭਾਰਤੀ ਮੂਲ ਦੇ ਸੰਸਦ ਮੈਂਬਰ ਇਕਵਿੰਦਰ ਐੱਸ. ਗਹਿਰ ਦੇ ਸਵਾਲ ਦੇ ਜਵਾਬ 'ਚ ਕੈਨੇਡਾ ਦੀ ਵਿਦੇਸ਼ ਮੰਤਰੀ ਮੇਲਾਨੀ ਜੌਲੀ ਨੇ ਕਿਹਾ ਕਿ ਅਸੀਂ ਪੰਜਾਬ ਦੇ ਬਦਲਦੇ ਹਾਲਾਤ ਤੋਂ ਜਾਣੂ ਹਾਂ ਅਤੇ ਅਸੀਂ ਇਸ ਪੂਰੇ ਮਾਮਲੇ 'ਤੇ ਬਾਰੀਕੀ ਨਾਲ ਨਜ਼ਰ ਰੱਖ ਰਹੇ ਹਾਂ। ਅਸੀਂ ਉਮੀਦ ਕਰਦੇ ਹਾਂ ਕਿ ਉੱਥੇ ਸਥਿਤੀ ਜਲਦੀ ਹੀ ਆਮ ਅਤੇ ਸਥਿਰ ਹੋ ਜਾਵੇਗੀ।