ਨਿਊਯਾਰਕ, 18 ਅਪ੍ਰੈਲ : ਅਮਰੀਕਾ 'ਚ ਬੀਚ ਤੇ ਘੁੰੰਣ ਗਈਆਂ ਤਿੰਨ ਲੜਕੀਆਂ ਦਾ ਬੇਰਹਿਮੀ ਨਾਲ ਕਤਲ ਕਰ ਦਿੱਤੇ ਜਾਣ ਦੀ ਖਬਰ ਹੈ, ਪੁਲਿਸ ਨੂੰ ਇਹਨਾਂ ਦੀਆਂ ਲਾਸ਼ਾਂ ਜ਼ਮੀਨ ਵਿਚ ਦਫਨ ਕੀਤੀਆਂ ਮਿਲੀਆਂ। ਇਹਨਾਂ ਦੀ ਪਛਾਣ 21 ਸਾਲਾ ਨਾਏਲੀ ਤਾਪਿਆ, 21 ਸਾਲਾ ਯੂਲਿਯਾਨਾ ਮਕਿਆਸ ਅਤੇ 19 ਸਾਲਾ ਡੈਨਿਸੀ ਰੇਯਨਾ ਵਜੋਂ ਹੋਈ ਹੈ। 7 ਅਪ੍ਰੈਲ ਨੂੰ ਤਿੰਨਾਂ ਦੀਆਂ ਲਾਸ਼ਾਂ ਮਿਲੀਆਂ ਤਾਂ ਇਹਨਾਂ ਦੇ ਗਲੇ ਕੱਟੇ ਹੋਏ ਸਨ ਤੇ ਲਾਸ਼ਾਂ ਨੂੰ ਬੰਨ੍ਹਿਆ ਹੋਇਆ ਸੀ। ਇਹਨਾਂ ਦੇ ਮੂੰਹ ਢਕੇ ਸਨ। ਇਹ ਲੜਕੀਆਂ 4 ਅਪ੍ਰੈਲ ਨੂੰ ਲਾਪਤਾ ਹੋਈਆਂ ਸਨ। ਮੀਡੀਆ ਰਿਪੋਰਟਾਂ ਅਨੁਸਾਰ ਇਹ ਲੜਕੀਆਂ ਬੀਚ ’ਤੇ ਘੁੰਮਣ ਗਈਆਂ ਸੀ। ਇਸ ਦੌਰਾਨ ਇਹਨਾਂ ਵਿਚੋਂ ਦੋ ਨੇ ਆਪਣੇ ਦੋਸਤ ਅਤੇ ਪਰਿਵਾਰ ਨੂੰ ਮੈਸੇਜ ਭੇਜਿਆ ਸੀ। ਇਸ ਤੋਂ ਪਤਾ ਚੱਲਦਾ ਹੈ ਕਿ ਇਹਨਾਂ ਨੂੰ ਖਤਰੇ ਦਾ ਅੰਦਾਜ਼ਾ ਹੋ ਚੁੱਕਿਆ ਸੀ। ਇਕ ਨੇ ਮੈਸੇਜ ਵਿਚ ਕਿਹਾ, “ਮੈਨੂੰ ਲੱਗ ਰਿਹਾ ਹੈ ਕਿ ਕੁਝ ਹੋਣ ਵਾਲਾ ਹੈ”। ਖ਼ਬਰਾਂ ਵਿਚ ਕਿਹਾ ਜਾ ਰਿਹਾ ਹੈ ਇਹਨਾਂ ਨੂੰ ਮਾਰਨ ਤੋਂ ਪਹਿਲਾਂ ਤਸੱਦਦ ਕੀਤਾ ਗਿਆ ਸੀ। ਹੱਤਿਆ ਤੋਂ ਬਾਅਦ ਲਾਸ਼ਾਂ ਨੂੰ 5 ਅਪ੍ਰੈਲ ਨੂੰ ਜ਼ਮੀਨ ਵਿਚ ਦੱਬ ਦਿੱਤਾ ਗਿਆ। ਇਹ ਮਾਮਲਾ ਉਦੋਂ ਸਾਹਮਣੇ ਆਇਆ ਹੈ, ਜਦੋਂ ਇਕ ਸਥਾਨਕ ਮਛੇਰੇ ਨੇ ਪੁਲਿਸ ਨੂੰ ਇਲਾਕੇ ਵਿਚੋਂ ਬਦਬੂ ਆਉਣ ਦੀ ਖ਼ਬਰ ਦਿੱਤੀ। ਉਸ ਨੇ ਇਹ ਵੀ ਦੱਸਿਆ ਕਿ ਉਸ ਇਲਾਕੇ ਨੇੜੇ ਕੁੱਤੇ ਘੁੰਮ ਰਹੇ ਹਨ। ਤਾਪਿਆ ਨਾਂ ਦੀ ਲੜਕੀ ਨੇ ਆਪਣੀ ਭੈਣ ਨੂੰ ਲਾਈਵ ਲੋਕੇਸ਼ਨ ਭੇਜਦੇ ਹੋਏ ਲਿਖਿਆ, “ਮੈਂ ਇਸ ਨੂੰ ਵੈਸੇ ਹੀ ਭੇਜ ਰਹੀ ਹਾਂ”। ਉਸ ਸਮੇਂ ਰਾਤ ਦੇ 11.10 ਵਜੇ ਸਨ। ਇਸ ਤੋਂ ਬਾਅਦ ਉਸ ਦਾ ਕੋਈ ਮੈਸੇਜ ਜਾਂ ਫੋਨ ਨਹੀਂ ਆਇਆ। ਲੋਕੇਸ਼ਨ ਉਸੇ ਇਲਾਕੇ ਦੀ ਸੀ, ਜਿੱਥੇ ਉਹ ਮ੍ਰਿਤਕ ਮਿਲੀ ਸੀ। ਇਸ ਤੋਂ ਇਲਾਵਾ ਰੇਯਨਾ ਨੇ ਆਪਣੇ ਦੋਸਤ ਨੂੰ ਭੇਜੇ ਮੈਸੇਜ ਵਿਚ ਕਿਹਾ ਸੀ, “ਮੈਨੂੰ ਅਜਿਹਾ ਮਹਿਸੂਸ ਹੋ ਰਿਹਾ ਹੈ ਕਿ ਕੁਝ ਹੋਣ ਵਾਲਾ ਹੈ ਅਤੇ ਜੇਕਰ ਮੈਨੂੰ ਕੁਝ ਹੋ ਗਿਆ ਤਾਂ ਯਾਦ ਰੱਖਣਾ ਕਿ ਮੈਂ ਤੁਹਾਨੂੰ ਬਹੁਤ ਪਿਆਰ ਕਰਦੀ ਹਾਂ”। ਇਹਨਾਂ ਲੜਕੀਆਂ ਦੇ ਸਰੀਰ ਉੱਤੇ ਤਸ਼ੱਦਦ ਦੇ ਨਿਸ਼ਾਨ ਮਿਲੇ ਹਨ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਲੜਕੀਆਂ ਦੀ ਉਮਰ ਬਹੁਤ ਘੱਟ ਸੀ। ਇਹਨਾਂ ਨੇ ਬੀਚ ਵਾਲੇ ਕੱਪੜੇ ਪਹਿਨੇ ਹੋਏ ਸਨ। ਉਹਨਾਂ ਨੂੰ ਇਕ ਫੋਨ ਵੀ ਮਿਲਿਆ ਹੈ। ਐਸਮੇਰਾਲਡਾਸ ਪ੍ਰਾਂਤ ਵਿਚ ਵਾਪਰੀ ਇਸ ਘਟਨਾ ਦੀ ਪੁਲਿਸ ਜਾਂਚ ਕਰ ਰਹੀ ਹੈ। ਮੀਡੀਆ ਰਿਪਰੋਰਟਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਮਕਿਆਸ ਪੇਸ਼ੇ ਵਜੋਂ ਸਿੰਗਰ ਸੀ। ਤਾਪਿਯਾ 4 ਸਾਲਾ ਬੱਚੀ ਦੀ ਮਾਂ ਸੀ ਅਤੇ ਰੇਯਨਾ ਇਕ ਵਿਦਿਆਰਥਣ ਸੀ। ਮਕਿਆਸ ਮਨੋਵਿਗਿਆਨ, ਕਾਨੂੰਨ ਅਤੇ ਟ੍ਰੈਵਲ ਵਿਚ ਕਰੀਅਰ ਬਣਾਉਣਾ ਚਾਹੁੰਦੀ ਸੀ।