ਖੈਬਰ ਪਖਤੂਨਖਵਾ 'ਚ ਪੁਲਸ ਗਸ਼ਤ ਦੇ ਕੋਲ ਹੋਇਆ ਬੰਬ ਧਮਾਕਾ, 5 ਲੋਕਾਂ ਦੀ ਮੌਤ, 21 ਜ਼ਖਮੀ 

ਖੈਬਰ ਪਖਤੂਨਖਵਾ, 3 ਨਵੰਬਰ : ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ 'ਚ ਇਕ ਪੁਲਸ ਗਸ਼ਤ ਦੇ ਕੋਲ ਬੰਬ ਧਮਾਕਾ ਹੋਇਆ। ਇਸ ਧਮਾਕੇ 'ਚ ਪੰਜ ਲੋਕਾਂ ਦੀ ਮੌਤ ਹੋ ਗਈ, ਜਦਕਿ 21 ਹੋਰ ਜ਼ਖਮੀ ਹੋ ਗਏ। ਨਿਊਜ਼ ਏਜੰਸੀ ਪੀਟੀਆਈ ਨੇ ਪਾਕਿਸਤਾਨੀ ਅਖਬਾਰ ਡਾਨ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ ਹੈ। ਡਾਨ ਨੇ ਪੁਲਿਸ ਅਧਿਕਾਰੀ ਮੁਹੰਮਦ ਅਦਨਾਨ ਦੇ ਹਵਾਲੇ ਨਾਲ ਦੱਸਿਆ ਕਿ ਇਹ ਧਮਾਕਾ ਡੇਰਾ ਇਸਮਾਈਲ ਖ਼ਾਨ ਸ਼ਹਿਰ ਵਿੱਚ ਇੱਕ ਪੁਲਿਸ ਗਸ਼ਤ ਦੇ ਕੋਲ ਹੋਇਆ। ਹਾਲਾਂਕਿ ਇਸ ਗੱਲ ਦੀ ਪੁਸ਼ਟੀ ਨਹੀਂ ਹੋ ਸਕੀ ਹੈ ਕਿ ਇਸ ਧਮਾਕੇ 'ਚ ਮਾਰੇ ਗਏ ਲੋਕਾਂ 'ਚ ਪੁਲਸ ਕਰਮਚਾਰੀ ਵੀ ਸ਼ਾਮਲ ਹਨ ਜਾਂ ਨਹੀਂ। ਇਸ ਦੌਰਾਨ ਬਚਾਅ ਅਧਿਕਾਰੀ ਐਜਾਜ਼ ਮਹਿਮੂਦ ਨੇ ਦੱਸਿਆ ਕਿ ਇਸ ਘਟਨਾ 'ਚ 5 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ 21 ਹੋਰ ਜ਼ਖਮੀ ਹੋਏ ਹਨ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਨਵੰਬਰ 'ਚ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਅਤੇ ਸਰਕਾਰ ਵਿਚਾਲੇ ਜੰਗਬੰਦੀ ਖਤਮ ਹੋ ਗਈ ਸੀ। ਹਾਲਾਂਕਿ, ਜੰਗਬੰਦੀ ਖਤਮ ਹੋਣ ਤੋਂ ਬਾਅਦ ਹਾਲ ਹੀ ਦੇ ਮਹੀਨਿਆਂ ਵਿੱਚ ਪਾਕਿਸਤਾਨ ਵਿੱਚ ਅੱਤਵਾਦੀ ਗਤੀਵਿਧੀਆਂ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ। ਦੇਸ਼ 'ਚ ਸਭ ਤੋਂ ਜ਼ਿਆਦਾ ਵਾਧਾ ਖੈਬਰ ਪਖਤੂਨਖਵਾ ਅਤੇ ਬਲੋਚਿਸਤਾਨ 'ਚ ਦੇਖਿਆ ਗਿਆ ਹੈ। 31 ਅਕਤੂਬਰ ਨੂੰ ਡੇਰਾ ਇਸਮਾਈਲ ਖ਼ਾਨ 'ਚ ਪੁਲਿਸ ਕੈਂਪ 'ਤੇ ਅਣਪਛਾਤੇ ਲੋਕਾਂ ਨੇ ਗੋਲੀਬਾਰੀ ਕੀਤੀ ਸੀ, ਜਿਸ 'ਚ ਇੱਕ ਪੁਲਿਸ ਮੁਲਾਜ਼ਮ ਦੀ ਮੌਤ ਹੋ ਗਈ ਸੀ। ਉਸੇ ਦਿਨ ਦੱਖਣੀ ਵਜ਼ੀਰਿਸਤਾਨ ਜ਼ਿਲ੍ਹੇ ਵਿੱਚ ਵੀ ਇੱਕ ਆਈਈਡੀ ਧਮਾਕਾ ਹੋਇਆ ਸੀ, ਜਿਸ ਵਿੱਚ ਦੋ ਫ਼ੌਜੀ ਮਾਰੇ ਗਏ ਸਨ।