ਅਮਰੀਕਾ ਦੇ ਇੰਡੀਆਨਾ ਝੀਲ ਵਿੱਚੋਂ ਦੋ ਭਾਰਤੀ ਵਿਦਿਆਰਥੀਆਂ ਦੀਆਂ ਲਾਸ਼ਾਂ ਮਿਲੀਆਂ

ਨਿਊਯਾਰਕ, 23 ਅਪ੍ਰੈਲ : ਅਮਰੀਕਾ ਦੇ ਇੰਡੀਆਨਾ ਵਿੱਚ ਇੱਕ ਝੀਲ ਵਿੱਚੋਂ ਦੋ ਭਾਰਤੀ ਵਿਦਿਆਰਥੀਆਂ ਦੀਆਂ ਲਾਸ਼ਾਂ ਮਿਲਣ ਦੀ ਖ਼ਬਰ ਸਾਹਮਣੇ ਆਈ ਹੈ। ਇੱਕ ਰਿਪੋਰਟ ਅਨੁਸਾਰ ਝੀਲ ਵਿੱਚ ਤੈਰਦੇ ਹੋਏ ਲਾਪਤਾ ਹੋਏ ਸਿਧਾਂਤ ਸ਼ਾਹ (19) ਅਤੇ ਆਰੀਅਨ ਵੈਦਿਆ (20) ਦੋਵੇਂ ਦੋਸਤ 15 ਅਪ੍ਰੈਲ ਨੂੰ ਇੰਡੀਆਨਾ ਪੋਲਿਸ ਸ਼ਹਿਰ ਤੋਂ 64 ਮੀਲ ਦੂਰ ਦੱਖਣ-ਪੱਛਮ ਵਿੱਚ ਮੋਨਰੇ ਝੀਲ ਵਿੱਚ ਕੁੱਝ ਦੋਸਤ ਇੱਕਠੇ ਹੋ ਕੇ ਤੈਰਾਕੀ ਕਰਨ ਗਏ ਸਨ, ਜਿੱਥੇ ਉਹ ਲਾਪਤਾ ਹੋ ਗਏ ਸਨ। ਜਾਣਕਾਰੀ ਅਨੁਸਾਰ ਦੋਵੇਂ ਇੰਡੀਆਨਾ ਯੂਨੀਵਰਸਿਟੀ ਦੇ ਕੈਲੀ ਸਕੂਲ ਆਫ ਬਿਜ਼ਨਸ ਦੇ ਵਿਦਿਆਰਥੀ ਸਨ। ਉਹ 15 ਅਪ੍ਰੈਲ ਤੋਂ ਲਾਪਤਾ ਹੋਏ ਸਨ। ਅਧਿਕਾਰੀਆਂ ਨੇ ਦੱਸਿਆ ਕਿ ਖ਼ਰਾਬ ਮੌਸਮ ਕਾਰਨ ਤਲਾਸ਼ੀ ਮੁਹਿੰਮ 'ਚ ਰੁਕਾਵਟ ਆਈ ਸੀ ਪਰ ਵੱਡੇ ਅਪ੍ਰੇਸ਼ਨ ਤੋਂ ਬਾਅਦ ਦੋਵਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਸਨ।