ਬਲਦੇਵ ਸੀਹਰਾ ਦਾ ਗ਼ਜ਼ਲ ਸੰਗ੍ਰਹਿ ‘ਖਾਲੀ ਬੇੜੀਆਂ’ ਗ਼ਜ਼ਲ ਮੰਚ ਸਰੀ ਵੱਲੋਂ ਰਿਲੀਜ਼

ਕੈਨੇਡਾ :  ਗ਼ਜ਼ਲ ਮੰਚ ਸਰੀ ਵੱਲੋਂ ਮੰਚ ਦੇ ਮਾਣਮੱਤੇ ਸ਼ਾਇਰ ਬਲਦੇਵ ਸੀਹਰਾ ਦਾ ਨਵ-ਪ੍ਰਕਾਸ਼ਿਤ ਗ਼ਜ਼ਲ ਸੰਗ੍ਰਹਿ ‘ਖਾਲੀ ਬੇੜੀਆਂ’ ਇਕ ਸੰਖੇਪ ਸਮਾਗਮ ਦੌਰਾਨ ਰਿਲੀਜ਼ ਕੀਤਾ ਗਿਆ।ਬਲਦੇਵ ਸੀਹਰਾ ਨੂੰ ਨਵੀਂ ਪੁਸਤਕ ਲਈ ਮੁਬਾਰਕਬਾਦ ਦਿੰਦਿਆਂ ਮੰਚ ਦੇ ਪ੍ਰਧਾਨ ਅਤੇ ਨਾਮਵਰ ਸ਼ਾਇਰ ਜਸਵਿੰਦਰ ਨੇ ਕਿਹਾ ਕਿ ਬਲਦੇਵ ਸੀਹਰਾ ਦੀ ਸ਼ਾਇਰੀ ਵਿਚ ਦੁਸ਼ਵਾਰੀਆਂ ਦੇ ਵਿਚਾਲਦੀ ਇਕਰਸਤਾ ਦਿਖਾਈ ਦਿੰਦਾ ਹੈ ਜੋ ਪਾਠਕ ਨੂੰ ਉਦਾਸੀਆਂ ਤੋਂ ਪਾਰ ਲੈ ਜਾਂਦਾ ਹੈ। ਕੁਦਰਤ, ਸਮਾਜ ਅਤੇ ਵਿਅਕਤੀ ਦੀ ਬਾਹਰੀ ਅਤੇ ਅੰਦਰੂਨੀ ਕਸ਼ਮਕਸ਼ ਨੂੰ ਉਸ ਦੀ ਤੀਜੀ ਅੱਖ ਸਿਰਫ਼ ਵੇਖਦੀ ਪਛਾਣਦੀ ਹੀ ਨਹੀਂ ਸਗੋਂ ਇਹਨੂੰ ਹੰਢਣਸਾਰ ਬਣਾਉਣ ਦੀ ਵਿਧੀ ਵੱਲ ਵੀ ਇਸ਼ਾਰਾ ਕਰਦੀ ਹੈ।ਉਸਤਾਦ ਸ਼ਾਇਰ ਕ੍ਰਿਸ਼ਨ ਭਨੋਟ ਨੇ ਕਿਹਾ ਕਿ ਬਲਦੇਵ ਸੀਹਰਾ ਅਗਾਂਹਵਧੂ ਤੇ ਸਾਰਥਿਕ ਵਿਚਾਰਾਂ ਵਾਲਾ ਸ਼ਾਇਰ ਹੈ। ਉਹ ਜ਼ਿੰਦਗੀ ਦੀਆਂ ਵਿਸੰਗਤੀਆਂ, ਵਿਪਰੀਤੀਆਂ ਤੇ ਸਮਾਜਿਕ ਅਸੰਤੁਲਣ ਦੇ ਕਾਰਣਾਂ ਨੂੰ ਭਲੀਭਾਂਤ ਸਮਝਦਾ ਹੈ। ਉਹ ਨਿਰੰਤਰ ਸੰਘਰਸ਼ ਵਿਚ ਯਕੀਨ ਰੱਖਦਾ ਹੈ। ਅਨੇਕਾਂ, ਮੁਸ਼ਕਲਾਂ, ਮਜਬੂਰੀਆਂ, ਮਾਯੂਸੀਆਂ ਦੇ ਬਾਵਜੂਦ ਉਹ ਸਿਦਕ, ਸਿਰੜ, ਸੱਚ ਦਾ ਦਾਮਨ ਹੱਥੋਂ ਨਹੀਂ ਜਾਣ ਦਿੰਦਾ, ਉਸਦਾ ਦ੍ਰਿਸ਼ਟੀਕੋਣ ਆਸ਼ਾਵਾਦੀ ਹੈ, ਕਿੰਨੀਆਂ ਵੀ ਮਜਬੂਰੀਆਂ, ਰੁਕਾਵਟਾਂ, ਮੁਸ਼ਕਲਾਂ, ਦੁਸ਼ਵਾਰੀਆਂ ਹੋਣ ਉਹ ਨਿਰਾਸ਼ ਨਹੀਂ ਹੁੰਦਾ। ਉਸਤਾਦ ਸ਼ਾਇਰ ਗੁਰਦਿਆਲ ਰੌਸ਼ਨ ਨੇ ਕਿਹਾ ਕਿ ਗ਼ਜ਼ਲ ਵਿਚ ਸਾਦਗੀ, ਸਰਲਤਾ ਤੇ ਲੋਕ ਬੋਲੀ ਦੀ ਵਰਤੋਂ ਦਾ ਮਹੱਤਵਪੂਰਨ ਸਥਾਨ ਹੈ ਤੇ ਸੀਹਰਾ ਦੀਆਂ ਗ਼ਜ਼ਲਾਂ ਦੇ ਸ਼ਿਅਰਾਂ ਵਿਚ ਇਨ੍ਹਾਂ ਵਿਸ਼ੇਸ਼ਤਾਵਾਂ ਨੂੰ ਸਹਿਜੇ ਹੀ ਦੇਖਿਆ ਜਾ ਸਕਦਾ ਹੈ। ਉਹ ਨਾ ਤਾਂ ਕਾਫ਼ੀਆ ਪੈਮਾਈ ਵਿਚ ਵਿਸ਼ਵਾਸ ਰੱਖਦਾ ਹੈ ਨਾ ਹੀ ਆਪਣੇ ਸ਼ਿਅਰਾਂ ਨੂੰ ਏਨਾ ਮੁਸ਼ਕਿਲ ਰੂਪ ਦਿੰਦਾ ਹੈ ਕਿ ਉਹ ਪਾਠਕ ਦਾ ਇਮਤਿਹਾਨ ਲੈਣ ਦੀ ਹੱਦ ਤਕ ਪਹੁੰਚ ਜਾਵੇ। ਉਹ ਗ਼ਜ਼ਲ ਦੇ ਨਿਯਮਾਂ ਦਾ ਪਾਲਣ ਕਰਨ ਵਾਲਾ ਗ਼ਜ਼ਲਕਾਰ ਹੈ। ਉਹ ਤਗ਼ਜ਼ਲ, ਸ਼ਬਦ ਦੇ ਉਚਾਰਨ ਤੇ ਬਹਿਰਾਂ ਬਾਰੇ ਹਮੇਸ਼ਾਂ ਸੁਚੇਤ ਰਹਿੰਦਾ ਹੈ। ਸ਼ਾਇਰ ਰਾਜਵੰਤ ਰਾਜ ਦਾ ਕਹਿਣਾ ਸੀ ਕਿ ਬਲਦੇਵ ਸੀਹਰਾ ਦੀ ਸ਼ਾਇਰੀ ਦੇ ਧੁਰ ਅੰਦਰ ਵਿਗੋਚੇ ਦਾ ਅਹਿਸਾਸ ਲੁਕਿਆ ਹੋਇਆ ਹੈ ਜੋ ਕਈ ਰੂਪ ਧਾਰ ਕੇ ਸ਼ਿਅਰਾਂ ਵਿਚ ਪਰਗਟ ਹੁੰਦਾ ਹੈ। ਮੁਹੱਬਤ ਉਸਦੀ ਸ਼ਾਇਰੀ ਦੀ ਨੀਂਹ ਹੈ। ਇਸੇ ਉੱਤੇ ਹੀ ਉਸਦੀ ਸਾਰੀ ਸ਼ਾਇਰੀ ਖੜ੍ਹੀ ਹੈ। ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ, ਸ਼ਾਇਰ ਮੋਹਨ ਗਿੱਲ, ਹਰਦਮ ਮਾਨ, ਦਵਿੰਦਰ ਗੌਤਮ, ਜਰਨੈਲ ਸਿੰਘ ਆਰਟਿਸਟ ਅਤੇ ਪ੍ਰੀਤ ਮਨਪ੍ਰੀਤ ਨੇ ਵੀ ਇਸ ਗ਼ਜ਼ਲ ਸੰਗ੍ਰਹਿ ਲਈ ਬਲਦੇਵ ਸੀਹਰਾ ਨੂੰ ਵਧਾਈ ਦਿੱਤੀ। ਅੰਤ ਵਿਚ ਬਲਦੇਵ ਸੀਹਰਾ ਨੇ ਸਭਨਾਂ ਦਾ ਧੰਨਵਾਦ ਕੀਤਾ।