ਆਸਟ੍ਰੇਲੀਆ ’ਚ ਵਿਦਿਆਰਥਣ ਦੇ ਕਤਲ ਦਾ ਦੋਸ਼ ਪ੍ਰੇਮੀ ਨੇ ਕਬੂਲਿਆ ਜੁਰਮ

ਐਡੀਲੇਡ, 07 ਫਰਵਰੀ : ਆਸਟ੍ਰੇਲੀਆ ’ਚ ਇੱਕ ਨੌਜਵਾਨ ਨੇ ਨਰਸਿੰਗ ਦੀ ਵਿਦਿਆਰਥਣ ਜੈਸਮੀਨ ਕੌਰ ਦੇ ਕਤਲ ਦਾ ਦੋਸ਼ ਕਬੂਲ ਕੀਤਾ ਹੈ। ਮਾਰਚ 2021 ਵਿੱਚ ਆਪਣੀ ਸਾਬਕਾ ਪ੍ਰੇਮਿਕਾ ਨੂੰ ਅਗਵਾ ਕਰ ਕੇ ਕਤਲ ਕਰ ਦਿੱਤਾ ਸੀ ਤੇ ਉਸ ਤੋਂ ਬਾਅਦ ਉਸ ਨੂੰ ਕਬਰ ਵਿਚ ਦਫ਼ਨ ਕਰ ਦਿੱਤਾ ਸੀ। ਇਸ ਮਾਮਲੇ ਵਿਚ ਤਾਰਿਕਜੋਤ ਸਿੰਘ 'ਤੇ ਮੁਕੱਦਮਾ ਚੱਲ ਰਿਹਾ ਸੀ। ਲੜਕੀ ਦੀ ਲਾਸ਼ ਪੁਲਿਸ ਨੂੰ ਦੱਖਣੀ ਆਸਟ੍ਰੇਲੀਆ ਦੇ ਫਲਿੰਡਰ ਰੇਂਜ ਵਿੱਚ ਮਿਲੀ ਸੀ। ਜੈਸਮੀਨ ਦੇ ਅਵਸ਼ੇਸ਼ ਕੁਝ ਦਿਨਾਂ ਬਾਅਦ ਲੱਭੇ ਗਏ ਸਨ, ਉਸ ਜਗ੍ਹਾ ਤੋਂ 400 ਕਿਲੋਮੀਟਰ ਦੀ ਦੂਰੀ 'ਤੇ, ਜਿੱਥੇ ਉਸ ਨੂੰ ਆਖਰੀ ਵਾਰ ਕੰਮ 'ਤੇ ਜਾਂਦੇ ਹੋਏ ਦੇਖਿਆ ਗਿਆ ਸੀ। ਪਿਛਲੇ ਸਾਲ ਮਾਰਚ ਵਿੱਚ ਜਦੋਂ ਮੁਕੱਦਮੇ ਦੀ ਸੁਣਵਾਈ ਹੋਈ ਸੀ, ਉਸ ਸਮੇਂ ਨੌਜਵਾਨ ਨੇ ਜੈਸਮੀਨ ਦੇ ਕਤਲ ਵਿੱਚ ਸ਼ਾਮਲ ਹੋਣ ਤੋਂ ਇਨਕਾਰ ਕੀਤਾ ਸੀ। ਪਰ ਅੱਜ ਅਦਾਲਤ ਨੇ ਉਸ ਨੇ ਦੋਸ਼ੀ ਕਰਾਰ ਦੇ ਦਿੱਤਾ। ਅਦਾਲਤ ਦੇ ਬਾਹਰ ਜੈਸਮੀਨ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਉਹ ਫ਼ੈਸਲੇ ਦਾ ਸਵਾਗਤ ਕਰਦੇ ਹਨ। ਮੂਲ ਰੂਪ ਵਿੱਚ ਭਾਰਤ ਦੀ ਰਹਿਣ ਵਾਲੀ ਜੈਸਮੀਨ ਐਡੀਲੇਡ ਵਿੱਚ ਆਪਣੀ ਰਿਸ਼ਤੇਦਾਰਾਂ ਨਾਲ ਰਹਿ ਰਹੀ ਸੀ ਅਤੇ ਨਰਸ ਬਣਨ ਦੇ ਅਧਿਐਨ ਦੌਰਾਨ ਇੱਕ ਬਜ਼ੁਰਗ ਦੀ ਦੇਖਭਾਲ ਕਰਮਚਾਰੀ ਵਜੋਂ ਕੰਮ ਕਰ ਰਹੀ ਸੀ। ਉਸ ਦੀ ਇਕ ਰਿਸ਼ਤੇਦਾਰ ਨੇ ਪੱਤਰਕਾਰਾਂ ਨੂੰ ਕਿਹਾ ਕਿ ਭਾਵੇਂ ਕੁਝ ਵੀ ਜੈਸਮੀਨ ਨੂੰ ਵਾਪਸ ਨਹੀਂ ਲਿਆ ਸਕਦਾ ਪਰ ਸਾਨੂੰ ਖੁਸ਼ੀ ਹੈ ਕਿ ਉਸ ਨੂੰ ਨਿਆਂ ਮਿਲਿਆ ਹੈ। ਜਾਣਕਾਰੀ ਮੁਤਾਬਕ ਪਰਿਵਾਰ ਨੂੰ ਜੈਸਮੀਨ ਦੇ ਲਾਪਤਾ ਹੋਣ ਦੀ ਸੂਚਨਾ ਉਸ ਸਮੇਂ ਦਿੱਤੀ ਗਈ ਸੀ ਜਦੋਂ ਬਜ਼ੁਰਗ ਨੇ ਉਸ ਦੇ ਪਰਿਵਾਰ ਨੂੰ ਇਹ ਪੁੱਛਣ ਲਈ ਫ਼ੋਨ ਕੀਤਾ ਕਿ ਉਹ ਕੰਮ 'ਤੇ ਕਿਉਂ ਨਹੀਂ ਆਈ। ਇਸ ਮਗਰੋਂ ਜੈਸਮੀਨ ਦੀ ਭਾਲ ਸ਼ੁਰੂ ਕੀਤੀ ਗਈ ਅਤੇ ਫਿਰ ਉਸ ਦੀ ਲਾਸ਼ ਹੀ ਬਰਾਮਦ ਕੀਤੀ ਗਈ ਸੀ।