ਵੈਲਿੰਗਟਨ, 16 ਮਈ : ਨਿਊਜ਼ੀਲੈਂਡ ਦੀ ਰਾਜਧਾਨੀ ਵੈਲਿੰਗਟਨ 'ਚ ਚਾਰ ਮੰਜ਼ਿਲਾ ਹੋਸਟਲ 'ਚ ਅੱਗ ਲਗਣ ਕਾਰਨ 6 ਲੋਕਾਂ ਦੀ ਮੌਤ ਅਤੇ 20 ਦੇ ਕਰੀਬ ਲੋਕ ਲਾਪਤਾ ਹੋਣ ਦੀ ਖਬਰ ਹੈ। ਹੋਸਟਲ ਦਾ ਨਾਂ ਲੋਫਰਸ ਲਾਜ ਹੋਸਟਲ ਹੈ, ਜਿਸ ਵਿਚ 92 ਕਮਰੇ ਸਨ। ਅੱਗ 'ਤੇ ਕਾਬੂ ਪਾਉਣ ਲਈ 90 ਫਾਇਰ ਫਾਈਟਰਜ਼ ਅਤੇ 20 ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਕੰਮ ਕੀਤਾ। ਉਨ੍ਹਾਂ ਨੇ 50 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਜਿਨ੍ਹਾਂ 'ਚੋਂ 5 ਲੋਕਾਂ ਨੂੰ ਹੋਸਟਲ ਦੀ ਛੱਤ ਤੋਂ ਬਚਾਇਆ ਗਿਆ। ਇੱਕ ਵਿਅਕਤੀ ਨੇ ਜਾਨ ਬਚਾਉਣ ਲਈ ਤੀਜੀ ਮੰਜ਼ਿਲ ਤੋਂ ਛਾਲ ਵੀ ਮਾਰ ਦਿਤੀ। ਜੋ ਕਿ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ। ਐਮਰਜੈਂਸੀ ਸੇਵਾਵਾਂ ਅਜੇ ਵੀ ਲਾਪਤਾ ਲੋਕਾਂ ਦੀ ਭਾਲ ਕਰ ਰਹੀਆਂ ਹਨ। ਇਸ ਦੇ ਲਈ ਆਮ ਨਾਗਰਿਕਾਂ ਦੀ ਮਦਦ ਵੀ ਮੰਗੀ ਗਈ ਹੈ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲਗ ਸਕਿਆ ਹੈ ਪਰ ਸਥਾਨਕ ਮੀਡੀਆ ਦਾ ਕਹਿਣਾ ਹੈ ਕਿ ਸ਼ੱਕ ਹੈ ਕਿ ਕਿਸੇ ਨੇ ਜਾਣ ਬੁੱਝ ਕੇ ਅੱਗ ਲਗਾਈ ਹੋਵੇ। ਪ੍ਰਧਾਨ ਮੰਤਰੀ ਕ੍ਰਿਸ ਹਿਪਕਿਨਜ਼ ਨੇ ਸਥਿਤੀ ਨੂੰ ਗੰਭੀਰ ਦਸਿਆ ਹੈ। ਉਨ੍ਹਾਂ ਨੇ ਹਾਦਸੇ ਵਿਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕੀਤੀ। ਇਸ ਦੇ ਨਾਲ ਹੀ ਪੁਲਿਸ ਦਾ ਕਹਿਣਾ ਹੈ ਕਿ ਉਹ ਮਰਨ ਵਾਲੇ ਲੋਕਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਸਿਹਤ ਬੋਰਡ ਅਨੁਸਾਰ ਇਸ ਹੋਸਟਲ ਵਿਚ ਰਹਿਣ ਵਾਲੇ ਜ਼ਿਆਦਾਤਰ ਲੋਕ ਅਜਿਹੇ ਸਨ ਜਿਨ੍ਹਾਂ ਕੋਲ ਆਪਣਾ ਘਰ ਨਹੀਂ ਸੀ। ਇੱਥੇ ਕਈ ਬਜ਼ੁਰਗ ਵੀ ਰਹਿ ਰਹੇ ਸਨ। ਜੋ ਅਜੇ ਵੀ ਸਦਮੇ ਵਿਚ ਹਨ। ਹੋਸਟਲ ਦੇ ਆਲੇ-ਦੁਆਲੇ ਦੀਆਂ ਇਮਾਰਤਾਂ ਦੇ ਲੋਕਾਂ ਨੂੰ ਆਪਣੀਆਂ ਖਿੜਕੀਆਂ ਅਤੇ ਦਰਵਾਜ਼ੇ ਬੰਦ ਰੱਖਣ ਲਈ ਕਿਹਾ ਗਿਆ ਸੀ। ਇਸ ਦੇ ਨਾਲ ਹੀ ਨਿਊਜ਼ੀਲੈਂਡ ਦੀ ਇਕ ਅਧਿਕਾਰੀ ਨੇ ਕਿਹਾ ਹੈ ਕਿ ਹਾਦਸੇ 'ਚ ਜਾਨ ਗਵਾਉਣ ਵਾਲੇ ਲੋਕਾਂ ਦੀ ਪਛਾਣ ਕਰਨ 'ਚ ਸਮਾਂ ਲਗੇਗਾ।