ਅਮਰੀਕਾ ਦੇ ਮੈਰੀਲੈਂਡ ਵਿੱਚ 6 ਹਾਈਵੇਅ ਕਾਮਿਆਂ ਦੀ ਇੱਕ ਹਾਦਸੇ ‘ਚ ਮੌਤ

ਵਾਸ਼ਿੰਗਟਨ, 23 ਮਾਰਚ : ਅਮਰੀਕਾ ਦੇ ਮੈਰੀਲੈਂਡ ਵਿੱਚ 6 ਹਾਈਵੇਅ ਕਾਮਿਆਂ ਦੀ ਇੱਕ ਹਾਦਸੇ ‘ਚ ਮੌਤ ਹੋ ਜਾਣ ਦੀ ਖ਼ਬਰ ਹੈ। ਰਾਜ ਪੁਲਿਸ ਅਨੁਸਾਰ ਹਾਈਵੇਅ ਤੇ ਕੰਮ ਕਰ ਰਹੇ ਲੋਕਾਂ ਨੂੰ ਇੱਕ ਕਾਰ ਨੇ ਟੱਕਰ ਮਾਰ ਦਿੱਤੀ, ਜਿਸ ਕਾਰਨ 6 ਲੋਕਾਂ ਦੀ ਮੌਤ ਹੋ ਗਈ। ਇਹ ਹਾਦਸਾ ਕਰੀਬ 12:40 ਦੁਪਿਹਰ ਸਮੇਂ ਵਾਪਰਿਆ ਹੈ। ਉਨ੍ਹਾਂ ਦੱਸਿਆ ਕਿ ਮਰਨ ਵਾਲੇ ਰਾਜ ਮਾਰਗ ਤੇ ਨਿਰਮਾਣ ਪ੍ਰੋਜੈਕਟ ਤੇ ਠੇਕੇ ਦੇ ਕੰਮ ਕਰਨ ਵਾਲੇ ਕਰਮਚਾਰੀ ਸਨ। ਪੁਲਿਸ ਨੇ ਦੱਸਿਆ ਕਿ ਡਰਾਈਵਰ ਜਿਸ ਦੀ ਪਛਾਣ ਨਹੀਂ ਦੱਸੀ ਗਈ ਸੀ, ਨੂੰ ਡਾਕਟਰੀ ਇਲਾਜ ਲਈ ਆਰ ਐਡਮਜ਼ ਕਾਉਲੀ ਸ਼ੌਕ ਟਰੌਮਾ ਸੈਂਟਰ ਲਿਜਾਇਆ ਗਿਆ। ਸ਼ੁਰੂਆਤੀ ਜਾਂਚ ਦੇ ਅਨੁਸਾਰ, ਇੱਕ ਭੂਰੇ ਰੰਗ ਦੀ ਕਾਰ ਹਾਈਵੇਅ 'ਤੇ ਵਰਕ ਜ਼ੋਨ ਵਿਚ ਦਾਖ਼ਲ ਹੋ ਗਈ ਅਤੇ ਉਥੇ ਕੰਮ ਕਰ ਰਹੇ ਮਜ਼ਦੂਰਾਂ ਨੂੰ ਟੱਕਰ ਮਾਰਨ ਤੋਂ ਬਾਅਦ ਪਲਟ ਗਈ। ਐਮਰਜੈਂਸੀ ਮੈਡੀਕਲ ਸੇਵਾ ਦੇ ਕਰਮਚਾਰੀਆਂ ਨੇ ਜ਼ਖ਼ਮੀਆਂ ਵਿਚੋਂ 6 ਨੂੰ ਮੌਕੇ 'ਤੇ ਹੀ ਮ੍ਰਿਤਕ ਐਲਾਨ ਦਿੱਤਾ।