ਮਿਆਂਮਾਰ ‘ਚ ਆਏ ਵਿਨਾਸ਼ਕਾਰੀ ਚੱਕਰਵਾਤ ਮੋਖਾ ਕਾਰਨ 54 ਲੋਕਾਂ ਦੀ ਮੌਤ, ਵੱਡੀ ਗਿਣਤੀ ਇਮਾਰਤਾਂ ਨੂੰ ਪਹੁੰਚਿਆ ਨੁਕਸਾਨ

ਮਿਆਂਮਾਰ, 19 ਮਈ : ਮਿਆਂਮਾਰ ‘ਚ ਆਏ ਵਿਨਾਸ਼ਕਾਰੀ ਚੱਕਰਵਾਤ ਮੋਖਾ ਤੋਂ ਬਾਅਦ 54 ਲੋਕਾਂ ਦੀ ਮੌਤ ਹੋ ਜਾਣ ਦੀ ਖਬਰ ਹੈ, ਇਸ ਤੋਂ ਇਲਾਵਾ 1.85 ਲੱਖ ਇਮਾਰਤਾਂ ਨੂੰ ਵੱਡਾ ਨੁਕਸਾਨ ਪਹੁੰਚਿਆ ਹੈ। ਲੰਘੇ ਐਤਵਾਰ ਨੂੰ ਬੰਗਾਲ ਦੀ ਖਾੜੀ ਵਿੱਚ ਬਣੇ ਚੱਕਰਵਾਤੀ ਤੂਫਾਨ ਮੋਖਾ ਨੇ ਪੱਛਮੀ ਮਿਆਂਮਾਰ ਤੇ ਬੰਗਲਾਦੇਸ਼ ਅਤੇ ਰਖਾਇਨ ਰਾਜ ਵਿੱਚ ਦਸਤਕ ਦਿੱਤੀ, ਜਿਸ ਕਾਰਨ ਤੇਜ ਹਵਾਵਾਂ ਅਤੇ ਭਾਰੀ ਮੀਂਹ ਪਿਆ। ਰਾਖੀਨ ਸੂਬੇ ਦੇ ਸਿਟਵੇ ਟਾਊਨਸ਼ਿਪ ਦੇ ਨੇੜੇ ਟਕਰਾਉਣ ਵਾਲੇ ਚੱਕਰਵਾਤ ਕਾਰਨ ਖੇਤਰ ਵਿਚ ਕਰੀਬ 209 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲ ਰਹੀਆਂ ਹਨ। ਹਾਲਾਂਕਿ, ਇਹ ਸੋਮਵਾਰ ਨੂੰ ਦੇਸ਼ ਦੇ ਅੰਦਰੂਨੀ ਹਿੱਸੇ ਵਲ ਵਧਦੇ ਹੋਏ ਇਕ ਗਰਮ ਤੂਫ਼ਾਨ ਵਿਚ ਕਮਜ਼ੋਰ ਹੋ ਗਿਆ। ਮਾਨਵਤਾਵਾਦੀ ਮਾਮਲਿਆਂ ਦੇ ਤਾਲਮੇਲ ਲਈ ਸੰਯੁਕਤ ਰਾਸ਼ਟਰ ਦੇ ਦਫਤਰ ਨੇ ਕਿਹਾ ਕਿ ਰਾਖੀਨ ਰਾਜ ਵਿਚ ਵੱਡੇ ਪੱਧਰ 'ਤੇ ਘਰ ਅਤੇ ਬੁਨਿਆਦੀ ਢਾਂਚਾ ਤਬਾਹ ਹੋ ਗਿਆ ਹੈ। ਉਹਨਾਂ ਕਿਹਾ ਕਿ ਖੇਤਰ ਨੂੰ ਆਸਰਾ, ਸਾਫ਼ ਪਾਣੀ, ਭੋਜਨ ਸਹਾਇਤਾ ਅਤੇ ਸਿਹਤ ਸੰਭਾਲ ਸੇਵਾਵਾਂ ਦੀ ਤੁਰੰਤ ਲੋੜ ਹੈ। ਸੰਯੁਕਤ ਰਾਸ਼ਟਰ ਦੇ ਦਫ਼ਤਰ ਨੇ ਕਿਹਾ ਕਿ ਹੜ੍ਹ ਪ੍ਰਭਾਵਿਤ ਖੇਤਰਾਂ ਵਿਚ ਪਾਣੀ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਫੈਲਣ ਬਾਰੇ ਚਿੰਤਾਵਾਂ ਵਧ ਰਹੀਆਂ ਹਨ। ਮਿਆਂਮਾਰ ਵਿਚ ਦਹਾਕਿਆਂ ਤੋਂ ਚੱਲ ਰਹੇ ਨਸਲੀ ਸੰਘਰਸ਼ ਦਾ ਕੇਂਦਰ ਰੱਖਿਆਨ ਰਾਜ ਹੈ। ਸੰਯੁਕਤ ਰਾਸ਼ਟਰ ਦਫ਼ਤਰ ਨੇ ਕਿਹਾ ਕਿ ਚੱਕਰਵਾਤ ਦਾ ਪ੍ਰਭਾਵ ਦੇਸ਼ ਦੇ ਉੱਤਰ-ਪੱਛਮੀ ਹਿੱਸੇ ਵਿਚ ਵੀ ਮਹਿਸੂਸ ਕੀਤਾ ਗਿਆ, ਜਿਥੇ ਵੱਡੀ ਗਿਣਤੀ ਵਿਚ ਘਰ ਜਾਂ ਤਾਂ ਢਹਿ ਗਏ ਜਾਂ ਰੁੜ੍ਹ ਗਏ। ਤੇਜ਼ ਹਵਾਵਾਂ ਅਤੇ ਮੀਂਹ ਨੇ ਕਾਚਿਨ ਸੂਬੇ ਵਿੱਚ ਵਿਸਥਾਪਿਤ ਲੋਕਾਂ ਦੇ ਕੈਂਪਾਂ ਨੂੰ ਵੀ ਭਾਰੀ ਨੁਕਸਾਨ ਪਹੁੰਚਾਇਆ।