ਯਰੂਸ਼ਲਮ, 3 ਨਵੰਬਰ 2024 : ਗਾਜ਼ਾ 'ਚ ਲੁਕੇ ਹਮਾਸ ਦੇ ਅੱਤਵਾਦੀਆਂ ਖ਼ਿਲਾਫ਼ ਇਜ਼ਰਾਇਲੀ ਕਾਰਵਾਈ ਜਾਰੀ ਹੈ। ਗਾਜ਼ਾ ਪੱਟੀ ਵਿਚ ਨੁਸੀਰਤ ਸ਼ਰਨਾਰਥੀ ਕੈਂਪ 'ਤੇ ਇਜ਼ਰਾਈਲੀ ਹਵਾਈ ਬੰਬਾਰੀ ਵਿਚ ਘੱਟੋ ਘੱਟ 42 ਫਲਸਤੀਨੀ ਮਾਰੇ ਗਏ ਅਤੇ 150 ਤੋਂ ਵੱਧ ਜ਼ਖ਼ਮੀ ਹੋ ਗਏ। ਫਲਸਤੀਨੀ ਸੁਰੱਖਿਆ ਸੂਤਰਾਂ ਨੇ ਸ਼ਨੀਵਾਰ ਨੂੰ ਦੱਸਿਆ ਕਿ ਇਜ਼ਰਾਈਲੀ ਬਲ ਸ਼ੁੱਕਰਵਾਰ ਸਵੇਰ ਤੋਂ ਹੀ ਨੁਸੀਰਤ 'ਚ ਬਸਤੀਆਂ 'ਤੇ ਹਵਾਈ ਜਹਾਜ਼ਾਂ ਅਤੇ ਤੋਪਖਾਨੇ ਨਾਲ ਬੰਬਾਰੀ ਕਰ ਰਹੇ ਸਨ। ਗਾਜ਼ਾ ਦੇ ਸਰਕਾਰੀ ਮੀਡੀਆ ਦਫ਼ਤਰ ਨੇ ਹਮਲਿਆਂ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਬੱਚਿਆਂ ਅਤੇ ਔਰਤਾਂ ਸਮੇਤ ਆਮ ਨਾਗਰਿਕਾਂ ਨੂੰ ਜਾਣਬੁੱਝ ਕੇ ਨਿਸ਼ਾਨਾ ਬਣਾਇਆ ਗਿਆ ਸੀ ਅਤੇ ਅੰਤਰਰਾਸ਼ਟਰੀ ਭਾਈਚਾਰੇ ਨੂੰ ਗਾਜ਼ਾ ਦੇ ਨਾਗਰਿਕਾਂ ਵਿਰੁੱਧ ਇਹ ਕਾਰਵਾਈਆਂ ਬੰਦ ਕਰਨ ਲਈ ਇਜ਼ਰਾਈਲ 'ਤੇ ਦਬਾਅ ਪਾਉਣ ਲਈ ਕਿਹਾ ਗਿਆ ਸੀ। ਇਰਾਨ ਦੇ ਸੁਪਰੀਮ ਲੀਡਰ ਅਲੀ ਖਮੇਨੇਈ ਦੇ ਕਿਹਾ ਕਿ ਉਹ ਇਜ਼ਰਾਈਲ ਨੂੰ ਸਜ਼ਾ ਦੇਵੇਗਾ, ਇਸ ਤੋਂ ਥੋੜ੍ਹੀ ਦੇਰ ਬਾਅਦ ਕੇਂਦਰੀ ਇਜ਼ਰਾਈਲੀ ਸ਼ਹਿਰ ਤੀਰਾ 'ਤੇ ਹਿਜ਼ਬੁੱਲਾ ਦੁਆਰਾ ਕੀਤੇ ਗਏ ਰਾਕੇਟ ਹਮਲੇ ਵਿਚ 11 ਲੋਕ ਜ਼ਖ਼ਮੀ ਹੋ ਗਏ ਸਨ। ਇਰਾਨ ਸਮਰਥਿਤ ਹਿਜ਼ਬੁੱਲਾ ਨੇ ਇਹ ਹਮਲਾ ਲਿਬਨਾਨ ਤੋਂ ਕੀਤਾ ਅਤੇ ਇਸ ਨੇ ਤੀਰਾ ਸ਼ਹਿਰ ਦੀ ਤਿੰਨ ਮੰਜ਼ਿਲਾ ਇਮਾਰਤ ਨੂੰ ਨੁਕਸਾਨ ਪਹੁੰਚਾਇਆ। ਜਦਕਿ ਦੱਖਣੀ ਗਾਜ਼ਾ 'ਚ ਹਮਾਸ ਨਾਲ ਚੱਲ ਰਹੀ ਲੜਾਈ 'ਚ ਇਜ਼ਰਾਇਲੀ ਫ਼ੌਜ ਦੇ ਦੋ ਜਵਾਨਾਂ ਦੇ ਮਾਰੇ ਜਾਣ ਦੀ ਖ਼ਬਰ ਹੈ। ਇਸ ਤਰ੍ਹਾਂ 7 ਅਕਤੂਬਰ 2023 ਤੋਂ ਚੱਲ ਰਹੀ ਲੜਾਈ ਵਿੱਚ ਮਰਨ ਵਾਲੇ ਇਜ਼ਰਾਈਲੀ ਸੈਨਿਕਾਂ ਦੀ ਗਿਣਤੀ 780 ਹੋ ਗਈ ਹੈ। ਈਰਾਨ ਦੇ ਨੇਤਾ ਖਮੇਨੀ ਨੇ 26 ਅਕਤੂਬਰ ਨੂੰ ਈਰਾਨ 'ਤੇ ਇਜ਼ਰਾਇਲੀ ਹਮਲੇ ਨੂੰ ਲੈ ਕੇ ਬਿਆਨ ਦਿੱਤਾ ਸੀ। ਅਮਰੀਕਾ ਨੇ ਚਿਤਾਵਨੀ ਦਿੱਤੀ ਹੈ ਕਿ ਜੇ ਈਰਾਨ ਨੇ ਇਜ਼ਰਾਈਲ 'ਤੇ ਦੁਬਾਰਾ ਹਮਲਾ ਕਰਨ ਦੀ ਹਿੰਮਤ ਕੀਤੀ ਤਾਂ ਉਹ ਕਾਰਵਾਈ ਕਰੇਗਾ। ਇਸ ਦੌਰਾਨ ਹਿਜ਼ਬੁੱਲਾ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਜ਼ੇਲੀਏਟ ਸ਼ਹਿਰ ਵਿੱਚ ਇਜ਼ਰਾਈਲ ਦੇ ਮਿਲਟਰੀ ਬੇਸ ਅਤੇ ਪਾਮਚਿਮ ਦੇ ਏਅਰਫੋਰਸ ਬੇਸ ਉੱਤੇ ਵੀ ਮਿਜ਼ਾਈਲਾਂ ਅਤੇ ਡਰੋਨਾਂ ਨਾਲ ਹਮਲਾ ਕੀਤਾ ਹੈ ਪਰ ਇਜ਼ਰਾਈਲ ਨੇ ਉੱਥੇ ਹੋਏ ਨੁਕਸਾਨ ਦੀ ਜਾਣਕਾਰੀ ਨਹੀਂ ਦਿੱਤੀ ਹੈ। ਇਸ ਤੋਂ ਪਹਿਲਾਂ ਸ਼ੁੱਕਰਵਾਰ ਦੇਰ ਰਾਤ ਇਜ਼ਰਾਈਲ ਨੇ ਲਿਬਨਾਨ ਵਿੱਚ ਕਈ ਹਵਾਈ ਹਮਲੇ ਕੀਤੇ। ਇਨ੍ਹਾਂ ਹਮਲਿਆਂ 'ਚ 52 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ। ਇਨ੍ਹਾਂ ਹਮਲਿਆਂ ਵਿੱਚ ਇਜ਼ਰਾਇਲੀ ਫ਼ੌਜ ਨੇ ਲਿਬਨਾਨ ਵਿੱਚ ਹਿਜ਼ਬੁੱਲਾ ਦੇ ਦੋ ਜੂਨੀਅਰ ਕਮਾਂਡਰਾਂ ਨੂੰ ਮਾਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਦੋਵੇਂ ਤੱਟਵਰਤੀ ਖੇਤਰਾਂ ਵਿੱਚ ਵੱਖ-ਵੱਖ ਲੜਾਕੂ ਯੂਨਿਟਾਂ ਦੇ ਕਮਾਂਡਰ ਸਨ। ਗਾਜ਼ਾ ਵਿੱਚ ਇਜ਼ਰਾਈਲ ਦੇ ਤਾਜ਼ਾ ਹਮਲਿਆਂ ਵਿੱਚ ਮਾਰੇ ਗਏ 42 ਲੋਕਾਂ ਵਿੱਚੋਂ ਅੱਧੇ ਤੋਂ ਵੱਧ ਔਰਤਾਂ ਅਤੇ ਬੱਚੇ ਹਨ। ਇਨ੍ਹਾਂ ਹਮਲਿਆਂ 'ਚ 150 ਲੋਕ ਜ਼ਖ਼ਮੀ ਵੀ ਹੋਏ ਹਨ। ਗਾਜ਼ਾ 'ਤੇ ਲਗਭਗ 13 ਮਹੀਨਿਆਂ ਤੋਂ ਜਾਰੀ ਇਜ਼ਰਾਇਲੀ ਹਮਲਿਆਂ 'ਚ 43 ਹਜ਼ਾਰ ਤੋਂ ਵੱਧ ਲੋਕ ਮਾਰੇ ਜਾ ਚੁੱਕੇ ਹਨ।ਇਜ਼ਰਾਈਲ ਦੇ ਰੱਖਿਆ ਮੰਤਰਾਲੇ ਨੇ ਕਿਹਾ ਕਿ ਲੇਜ਼ਰ ਰੱਖਿਆ ਪ੍ਰਣਾਲੀ ਆਇਰਨ ਡੋਮ ਸਮੇਤ ਦੇਸ਼ ਦੀ ਰੱਖਿਆ ਨੂੰ ਹੋਰ ਮਜ਼ਬੂਤ ਕਰੇਗੀ। ਇਸ ਨਾਲ 'ਯੁੱਧ ਦੇ ਨਵੇਂ ਦੌਰ' ਦੀ ਸ਼ੁਰੂਆਤ ਵੀ ਹੋਵੇਗੀ। $500 ਮਿਲੀਅਨ ਤੋਂ ਵੱਧ ਦੀ ਲਾਗਤ ਵਾਲਾ, ਆਇਰਨ ਬੀਮ ਮਿਜ਼ਾਈਲਾਂ, ਡਰੋਨ, ਰਾਕੇਟ ਅਤੇ ਮੋਰਟਾਰ ਹਮਲਿਆਂ ਨੂੰ ਬੇਅਸਰ ਕਰਨ ਦੇ ਸਮਰੱਥ ਹੈ। ਇਜ਼ਰਾਈਲ ਨੇ ਇਹ ਰੱਖਿਆ ਪ੍ਰਣਾਲੀ ਅਜਿਹੇ ਸਮੇਂ ਵਿਚ ਤਿਆਰ ਕੀਤੀ ਹੈ ਜਦੋਂ ਉਹ ਲਿਬਨਾਨ ਵਿਚ ਈਰਾਨ ਸਮਰਥਿਤ ਹਿਜ਼ਬੁੱਲਾ ਅਤੇ ਹਮਾਸ ਦੇ ਖਿਲਾਫ ਜੰਗ ਲੜ ਰਿਹਾ ਹੈ।