ਵਿਕਟੋਰੀਆ ਸੂਬੇ ਦੇ ਸ਼ਹਿਰ ਸ਼ੈਪਰਟਨ ’ਚ ਵਾਪਰੇ ਭਿਆਨਕ ਸੜਕ ਹਾਦਸੇ ’ਚ 4 ਪੰਜਾਬੀਆਂ ਦੀ ਮੌਤ

ਵਿਕਟੋਰੀਆ (ਅਸਟ੍ਰੇਲੀਆ), 07 ਜਨਵਰੀ : ਅਸਟ੍ਰੇਲੀਆ ਦੇ ਵਿਕਟੋਰੀਆ ਸੂਬੇ ਦੇ ਖੇਤਰੀ ਸ਼ਹਿਰ ਸ਼ੈਪਰਟਨ ਨੇੜੇ ਹੋਏ ਇੱਕ ਭਿਆਨਕ ਸੜਕ ਹਾਦਸੇ ’ਚ 4 ਪੰਜਾਬੀਆਂ ਦੀ ਮੌਤ ਅਤੇ ਇੱਕ ਦੇ ਗੰਭੀਰ ਰੂਪ ਵਿੱਚ ਜਖ਼ਮੀ ਹੋ ਜਾਣ ਦੀ ਖ਼ਬਰ ਹੈ। ਮਿਲੀ ਜਾਣਕਾਰੀ ਅਨੁਸਾਰ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਇਹ ਸਾਰੇ ਵਿਅਕਤੀ ਆਪਣਾ ਕੰਮ ਖ਼ਤਮ ਕਰਕੇ ਘਰਾਂ ਨੂੰ ਪਰਤ ਰਹੇ ਸਨ, ਉਕਤ ਵਿਅਕਤੀਆਂ ਦੀ ਕਾਰ ਇੱਕ ਤੇਜ਼ ਰਫ਼ਤਾਰ ਵਾਹਨ ਨਾਲ ਜਾ ਟਕਰਾਈ, ਜਿਸ ਕਾਰਨ ਇਹ ਭਿਆਨਕ ਹਾਦਸਾ ਵਾਪਰ ਗਿਆ ਅਤੇ 4 ਵਿਅਕਤੀ ਦੀ ਮੌਕੇ ਤੇ ਹੀ ਮੌਤ ਹੋ ਗਈ। ਜਦੋਂ ਕਿ ਜਖ਼ਮੀ ਨੂੰ ਇਲਾਜ ਲਈ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ। ਇਸ ਸੜਕ ਹਾਦਸੇ ’ਚ ਮਰਨ ਵਾਲਿਆਂ ਦੀ ਪਹਿਚਾਣ ਕਿਸ਼ਨ ਸਿੰਘ ਵਾਸੀ ਤਰਨਤਾਰਨ, ਭੁਪਿੰਦਰ ਸਿੰਘ ਵਾਸੀ ਜਲੰਧਰ, ਹਰਪਾਲ ਸਿੰਘ ਵਾਸੀ ਸ੍ਰੀ ਮੁਕਤਸਰ ਸਾਹਿਬ ਅਤੇ ਬਲਜਿੰਦਰ ਸਿੰਘ ਵਾਸੀ ਤਰਨਤਾਰਨ ਵਜੋਂ ਹੋਈ ਹੈ। ਵਿਕਟੋਰੀਆ ਪੁਲਿਸ ਵੱਲੋਂ ਲਾਸ਼ਾਂ ਨੂੰ ਕਬਜ਼ੇ ’ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕੀਤੀ ਗਈ ਹੈ।