ਸਿੰਧੂਲੀ, 12 ਅਪ੍ਰੈਲ : ਨੇਪਾਲ ਦੇ ਬਾਗਮਤੀ ਸੂਬੇ ਦੇ ਇਕ ਸੁਦੂਰ ਖੇਤਰ ਵਿਚ ਕਾਰ ਨਾਲੇ ਵਿਚ ਡਿੱਗਣ ਨਾਲ ਚਾਰ ਭਾਰਤੀ ਨਾਗਰਿਕਾਂ ਦੀ ਮੌਤ ਹੋ ਗਈ ਜਦੋਂ ਕਿ ਇਕ ਗੰਭੀਰ ਜ਼ਖਮੀ ਹੋ ਗਿਆ। ਦੁਰਘਟਨਾ ਮੰਗਲਵਾਰ ਦੇਰ ਰਾਤ ਹੋਈ ਜਦੋਂ 5 ਭਾਰਤੀ ਨਾਗਰਿਕਾਂ ਨੂੰ ਲਿਜਾ ਰਹੀ ਕਾਰ ਦਾ ਚਾਲਕ ਬਾਗਮਤੀ ਸੂਬੇ ਦੇ ਸਿੰਧੂਲੀ ਜ਼ਿਲ੍ਹੇ ਵਿਚ ਕੰਟਰੋਲ ਗੁਆ ਬੈਠਾ ਤੇ ਕਾਰ ਸੜਕ ਤੋਂ ਲਗਭਗ 500 ਮੀਟਰ ਹੇਠਾਂ ਡਿੱਗ ਗਈ। ਚਾਰੋਂ ਮ੍ਰਿਤਕ ਪੁਰਸ਼ ਹਨ, ਪਰ ਉੁਨ੍ਹਾਂ ਦੀ ਅਜੇ ਪਛਾਣ ਨਹੀਂ ਹੋ ਸਕੀ ਹੈ। ਜ਼ਿਲ੍ਹਾ ਪੁਲਿਸ ਦਫਤਰ ਦੇ ਪੁਲਿਸ ਇੰਚਾਰਜ ਰਾਜ ਕੁਮਾਰ ਸਿਲਵਾਲ ਨੇ ਕਿਹਾ ਕਿ ਬਿਹਾਰ ਦੇ ਰਜਿਸਟ੍ਰੇਸ਼ਨ ਨੰਬਰ ਵਾਲੀ ਕਾਰ ਕਾਠਮੰਡੂ ਜਾ ਰਹੀ ਸੀ ਤੇ ਉਸ ਦੇ ਦੁਰਘਟਨਾਗ੍ਰਸਤ ਹੋਣ ਨਾਲ 3 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਸਿਲਵਾਲ ਨੇ ਕਿਹਾ ਕਿ ਸਿੰਧੁਲੀ ਹਸਪਤਾਲ ਲਿਜਾਂਦੇ ਇਕ ਹੋਰ ਜ਼ਖਮੀ ਯਾਤਰੀ ਦੀ ਇਲਾਜ ਦੌਰਾਨ ਮੌਤ ਹੋ ਗਈ। ਗੰਭੀਰ ਤੌਰ ‘ਤੇ ਜ਼ਖਮੀ ਵਿਅਕਤੀ ਨੂੰ ਇਲਾਜ ਲੀ ਹਸਪਤਾਲ ਲਿਜਾਇਆ ਗਿਆ। ਮੁਸ਼ਕਲ ਰਸਤਾ ਹੋਣ ਕਾਰਨ ਘਟਨਾ ਵਾਲੀ ਥਾਂ ਤੋਂ ਮ੍ਰਿਤਕਾਂ ਦੀਆਂ ਲਾਸ਼ਾਂ ਅਜੇ ਨਹੀਂ ਕੱਢੀਆਂ ਜਾ ਸਕੀਆਂ ਹਨ। ਰਿਪੋਰਟ ਵਿਚ ਸਿਲਵਾਲ ਨੇ ਕਿਹਾ ਕਿ ਦੁਰਘਟਨਾ ਵਾਲੀ ਥਾਂ ਤੱਕ ਪਹੁੰਚਣ ਵਿਚ ਇਕ ਘੰਟੇ ਤੋਂ ਵੱਧ ਦਾ ਸਮਾਂ ਲੱਗੇਗਾ। ਇਸ ਲਈ ਮ੍ਰਿਤਕ ਦੇਹਾਂ ਨੂੰ ਬਾਹਰ ਕੱਢਣ ਵਿਚ ਪ੍ਰੇਸ਼ਾਨੀ ਹੋਵੇਗੀ। ਉਨ੍ਹਾਂ ਕਿਹਾ ਕਿ ਲਾਸ਼ਾਂ ਨੂੰ ਕੱਢਣ ਲਈ ਨੇਪਾਲ ਫੌਜ ਦੀ ਮਦਦ ਮੰਗੀ ਗਈ ਹੈ ਤੇ ਟੀਮ ਘਟਨਾ ਵਾਲੀ ਥਾਂ ‘ਤੇ ਜਾ ਰਹੀ ਹੈ।