ਜਹਾਜ਼ ਹਾਦਸੇ ’ਚ ਲਾਪਤਾ 4 ਬੱਚੇ 40 ਦਿਨ ਬਾਅਦ ਜ਼ਿੰਦਾ ਮਿਲੇ, ਪੱਤਿਆਂ-ਟਾਹਣੀਆਂ ਨਾਲ ਬਣਾਇਆ ਸੀ ਰੈਣ-ਬਸੇਰਾ

ਬਗੋਟਾ, 11 ਜੂਨ : ਐਮੇਜ਼ਨ ਦੇ ਸੰਘਣੇ ਜੰਗਲਾਂ ’ਚ ਲਾਪਤਾ ਹੋਏ ਚਾਰ ਬੱਚੇ 40 ਦਿਨਾਂ ਬਾਅਦ ਸਹੀ-ਸਲਾਮਤ ਬਚਾ ਲਏ ਗਏ ਹਨ। ਇਹ ਕਿਸੇ ਫਿਲਮ ਦੀ ਕਹਾਣੀ ਦੀ ਤਰ੍ਹਾਂ ਲੱਗ ਰਿਹਾ ਹੈ ਪਰ ਇਹ ਸੱਚ ਹੈ। ਬੱਚੇ ਹਿਊਟੋਟੋ ਭਾਈਚਾਰੇ ਨਾਲ ਸਬੰਧਤ ਦੱਸੇ ਜਾ ਰਹੇ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਸਭ ਤੋਂ ਵੱਡੇ ਬੱਚੇ ਨੂੰ ਸੰਘਣੇ ਜੰਗਲ ’ਚ ਜ਼ਿੰਦਾ ਰਹਿਣ ਦੀ ਥੋੜ੍ਹੀ ਬਹੁਤ ਜਾਣਕਾਰੀ ਸੀ, ਜਿਸਦਾ ਉਨ੍ਹਾਂ ਨੇ ਪੂਰਾ ਲਾਹਾ ਲਿਆ। ਕੋਲੰਬੀਆ ਦੇ ਰਾਸ਼ਟਰਪਤੀ ਗੁਸਤਾਵੋ ਪੈਟਰੋ ਨੇ ਇਸ ਨੂੰ ਪੂਰੇ ਦੇਸ਼ ਲਈ ਖੁਸ਼ੀ ਦਾ ਦਿਨ ਦੱਸਿਆ ਹੈ। ਦਰਅਸਲ, ਸੱਤ ਲੋਕਾਂ ਨੂੰ ਅਰਾਰਾਕੁਆਰਾ ਦੇ ਐਮੇਜ਼ੋਨੀਅਨ ਤੋਂ ਸੈਨ ਜੋਸ ਡੇਲ ਗੁਆਵਿਆਰੇ ਲਿਜਾ ਰਿਹਾ ਛੋਟਾ ਜਹਾਜ਼ ਇਕ ਮਈ ਨੂੰ ਐਮੇਜ਼ਨ ਦੇ ਜੰਗਲਾਂ ’ਚ ਹਾਦਸਾਗ੍ਰਸਤ ਹੋ ਗਿਆ ਸੀ। ਇਸ ਵਿਚ ਬੱਚਿਆਂ ਦੀ ਮਾਂ ਸਮੇਤ ਤਿੰਨੇ ਬਾਲਗਾਂ ਦੀ ਮੌਤ ਹੋ ਗਈ। ਹਾਦਸੇ ਦੇ ਦੋ ਹਫਤੇ ਬਾਅਦ 16 ਮਈ ਨੂੰ ਜੰਗਲ ’ਚ ਮਲਬਾ ਮਿਲਿਆ। ਇਸ ਵਿਚ ਤਿੰਨ ਲੋਕਾਂ ਦੀਆਂ ਲਾਸ਼ਾਂ ਮਿਲੀਆਂ ਪਰ ਚਾਰੇ ਬੱਚੇ ਲੇਸਲੀ ਮੁਕੁਟੁਯ (9), ਟੀਐੱਨ ਰਾਨੋਕ ਮੁਕੁਟੁਯ (4) ਤੇ ਕ੍ਰਿਸਟਿਨ ਰਾਨੋਕ ਮੁਕੁਟੁਯ (11 ਮਹੀਨੇ) ਗਾਇਬ ਸਨ। 150 ਫੌਜੀਆਂ ਨੇ ਖੋਜੀ ਕੁੱਤਿਆਂ ਨਾਲ ਜੰਗਲ ’ਚ ਉਨ੍ਹ੍ਰਾਂ ਦੀ ਭਾਲ ਸ਼ੁਰੂ ਕੀਤੀ। ਸਥਾਨਕ ਆਦੀਵਾਸੀਆਂ ਦੀ ਵੀ ਮਦਦ ਲਈ ਗਈ। ਮੁਹਿੰਮ ਘਟਨਾ ਸਥਾਨ ਦੇ ਕਰੀਬ ਸਾਢੇ ਚਾਰ ਕਿਲੋਮੀਟਰ ਦੇ ਘੇਰੇ ’ਚ ਚਲਾਈ ਗਈ। ਜਾਂਚ ਦੌਰਾਨ ਰਸਤੇ ’ਚ ਦੁੱਧ ਦੀ ਬੋਤਲ, ਡਾਈਪਰ, ਬੱਚਿਆਂ ਵੱਲੋਂ ਖਾਧੇ ਗਏ ਫਲ, ਟਹਿਣੀਆਂ ਤੇ ਪੱਤਿਆਂ ਦੀ ਮਦਦ ਨਾਲ ਬਣਾਇਆ ਗਿਆ ਰੈਣਬਸੇਰਾ ਮਿਲਣ ’ਤੇ ਉਨ੍ਹਾਂ ਦੇ ਬਚਣ ਦੀ ਉਮੀਦ ਵੱਧ ਗਈ। ਇਸ ਤੋਂ ਬਾਅਦ ਫੌਜ ਵੱਲੋਂ ਉਨ੍ਹਾਂ ਇਲਾਕਿਆਂ ’ਚ ਖਾਣ-ਪੀਣ ਦਾ ਸਾਮਾਨ ਵੀ ਸੁੱਟਿਆ ਗਿਆ, ਜਿਸ ਨਾਲ ਬੱਚਿਆਂ ਨੂੰ ਮਦਦ ਮਿਲ ਸਕੇ। ਉਨ੍ਹਾਂ ਦੀ ਦਾਦੀ ਵੱਲੋਂ ਸਾਰੇ ਬੱਚਿਆਂ ਨੂੰ ਇਕ ਥਾਂ ਰਹਿਣ ਦਾ ਰਿਕਾਰਡਿਡ ਸੰਦੇਸ਼ ਵੀ ਪ੍ਰਸਾਰਿਤ ਕੀਤਾ ਗਿਆ। ਅੰਤ ’ਚ ਫੌਜ ਨੂੰ ਸਫਲਤਾ ਮਿਲੀ ਤੇ ਸਾਰੇ ਬੱਚੇ ਸਹੀ-ਸਲਾਮਤ ਬਰਾਮਦ ਕਰ ਲਏ ਗਏ। ਫੌਜ ਨੇ ਸ਼ਨਿਚਰਵਾਰ ਨੂੰ ਬੱਚਿਆਂ ਨਾਲ ਦੀ ਤਸਵੀਰ ਟਵੀਟ ਕੀਤੀ। ਡਾਕਟਰ ਬੱਚਿਆਂ ਦੀ ਜਾਂਚ ਕਰ ਰਹੇ ਹਨ।