ਚੀਨ ਦੇ ਦੱਖਣੀ ਜਿਆਂਗਸੀ ਸੂਬੇ 'ਚ ਦੁਕਾਨਾਂ 'ਚ ਭਿਆਨਕ ਅੱਗ ਲੱਗਣ ਕਾਰਨ 39 ਲੋਕਾਂ ਦੀ ਮੌਤ 

ਬੀਜਿੰਗ, 24 ਜਨਵਰੀ : ਚੀਨ ਦੇ ਦੱਖਣੀ ਜਿਆਂਗਸੀ ਸੂਬੇ 'ਚ ਬੁੱਧਵਾਰ ਨੂੰ ਕੁਝ ਦੁਕਾਨਾਂ 'ਚ ਭਿਆਨਕ ਅੱਗ ਲੱਗਣ ਕਾਰਨ 39 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਤੁਰੰਤ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ। ਜਿਆਂਗਸ਼ੀ ਸੂਬੇ ਦੇ ਯੁਸ਼ੂਈ ਜ਼ਿਲੇ ਦੇ ਅਧਿਕਾਰੀਆਂ ਨੇ ਦੱਸਿਆ ਕਿ ਬੁੱਧਵਾਰ ਦੁਪਹਿਰ 3:24 'ਤੇ ਇਕ ਸ਼ਾਪਿੰਗ ਖੇਤਰ ਦੇ ਬੇਸਮੈਂਟ 'ਚ ਅੱਗ ਲੱਗ ਗਈ। ਜਿਸ ਤੋਂ ਤੁਰੰਤ ਬਾਅਦ ਬਚਾਅ ਕਰਮਚਾਰੀ, ਫਾਇਰਫਾਈਟਰਜ਼, ਪੁਲਿਸ ਅਤੇ ਸਥਾਨਕ ਅਧਿਕਾਰੀ ਮੌਕੇ 'ਤੇ ਤਾਇਨਾਤ ਕੀਤੇ ਗਏ। ਸਥਾਨਕ ਅਧਿਕਾਰੀਆਂ ਮੁਤਾਬਕ ਅੱਗ ਕਿਸ ਕਾਰਨ ਲੱਗੀ? ਇਸ ਗੱਲ ਦਾ ਪਤਾ ਲਗਾਇਆ ਜਾ ਰਿਹਾ ਹੈ। ਹਾਲਾਂਕਿ ਖੋਜ ਅਤੇ ਬਚਾਅ ਕਾਰਜ ਜਾਰੀ ਹਨ। ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਚੀਨ 'ਚ ਦੋ ਵੱਖ-ਵੱਖ ਥਾਵਾਂ 'ਤੇ ਅੱਗ ਲੱਗਣ ਕਾਰਨ 21 ਲੋਕਾਂ ਦੀ ਮੌਤ ਹੋ ਗਈ ਸੀ। ਪਹਿਲੀ ਘਟਨਾ ਹੇਨਾਨ ਸੂਬੇ ਦੇ ਯਾਨਸ਼ਾਨਪੂ ਪਿੰਡ 'ਚ ਹੋਈ ਅਤੇ ਦੂਜੀ ਘਟਨਾ ਜਿਆਂਗਸੀ ਸੂਬੇ 'ਚ ਹੋਈ। ਸਰਕਾਰੀ ਸਮਾਚਾਰ ਏਜੰਸੀ ਸ਼ਿਨਹੂਆ ਨੇ ਸਥਾਨਕ ਫਾਇਰ ਐਮਰਜੈਂਸੀ ਹੈੱਡਕੁਆਰਟਰ ਦੇ ਹਵਾਲੇ ਨਾਲ ਦਸਿਆ ਕਿ ਸ਼ਿਨਯੂ ਸ਼ਹਿਰ ਵਿਚ ਇਕ ਦੁਕਾਨ ਵਿਚ ਅੱਗ ਲੱਗ ਗਈ। ਏਜੰਸੀ ਨੇ ਦਸਿਆ ਕਿ ਘੱਟੋ-ਘੱਟ 39 ਲੋਕਾਂ ਦੀ ਮੌਤ ਹੋ ਗਈ ਅਤੇ 9 ਹੋਰ ਜ਼ਖਮੀ ਹੋ ਗਏ।  ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਵੀਡੀਉਜ਼ ’ਚ ਇਮਾਰਤ ’ਚੋਂ ਸੰਘਣਾ ਧੂੰਆਂ ਨਿਕਲਦਾ ਦਿਸ ਰਿਹਾ ਹੈ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅਤੇ ਐਂਬੂਲੈਂਸਾਂ ਮੌਕੇ ’ਤੇ ਮੌਜੂਦ ਹਨ। ਸੈਂਟਰਲ ਚਾਈਨਾ ਟੈਲੀਵਿਜ਼ਨ ਨੇ ਦਸਿਆ ਕਿ ਜਿਸ ਇਮਾਰਤ ਵਿਚ ਅੱਗ ਲੱਗੀ, ਉਸ ਵਿਚ ਇੰਟਰਨੈੱਟ ਕੈਫੇ ਅਤੇ ਸਿਖਲਾਈ ਸੰਸਥਾਵਾਂ ਸਨ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ ਅਤੇ ਜਾਂਚ ਜਾਰੀ ਹੈ। ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਅਜਿਹੇ ਹਾਦਸਿਆਂ ਨੂੰ ਰੋਕਣ ਅਤੇ ਲੋਕਾਂ ਦੀ ਜਾਨ-ਮਾਲ ਦੀ ਰੱਖਿਆ ਲਈ ਉਪਾਅ ਕਰਨ ਦੇ ਹੁਕਮ ਦਿਤੇ ਹਨ। ਇਮਾਰਤ ਦੀ ਉਸਾਰੀ ਅਤੇ ਸੁਰੱਖਿਆ ਮਾਪਦੰਡਾਂ ਨੂੰ ਲਾਗੂ ਕਰਨ ’ਚ ਢਿੱਲ ਕਾਰਨ ਚੀਨ ’ਚ ਅੱਗ ਲੱਗਣਾ ਆਮ ਗੱਲ ਹੈ।