ਬੀਜਿੰਗ, 18 ਅਪ੍ਰੈਲ : ਚੀਨ ਵਿੱਚ ਮੰਗਲਵਾਰ ਨੂੰ ਇੱਕ ਹਸਪਤਾਲ ਅਤੇ ਇੱਕ ਕਾਰਖਾਨੇ ਵਿੱਚ ਭਿਆਨਕ ਅੱਗ ਲੱਗ ਗਈ। ਦੋਵਾਂ ਘਟਨਾਵਾਂ 'ਚ ਘੱਟੋ-ਘੱਟ 32 ਲੋਕਾਂ ਦੀ ਮੌਤ ਹੋ ਗਈ ਸੀ। ਚੀਨੀ ਮੀਡੀਆ ਨੇ ਇਹ ਜਾਣਕਾਰੀ ਦਿੱਤੀ ਹੈ। ਚੀਨੀ ਮੀਡੀਆ ਮੁਤਾਬਕ ਬੀਜਿੰਗ ਦੇ ਫੇਂਗਤਾਈ ਜ਼ਿਲੇ 'ਚ ਮੰਗਲਵਾਰ ਨੂੰ ਦੁਪਹਿਰ 12.57 ਵਜੇ (ਸਥਾਨਕ ਸਮੇਂ ਮੁਤਾਬਕ) ਇਕ ਹਸਪਤਾਲ ਦੀ ਪ੍ਰਵੇਸ਼ ਦੁਆਰ ਇਮਾਰਤ 'ਚ ਅੱਗ ਲੱਗ ਗਈ, ਜਿਸ ਕਾਰਨ 21 ਲੋਕਾਂ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਦੁਪਹਿਰ ਕਰੀਬ 1.33 ਵਜੇ ਅੱਗ 'ਤੇ ਕਾਬੂ ਪਾ ਲਿਆ ਗਿਆ ਅਤੇ ਬਾਅਦ ਦੁਪਹਿਰ 3.30 ਵਜੇ ਤੱਕ ਬਚਾਅ ਕਾਰਜ ਜਾਰੀ ਰਿਹਾ। ਉਨ੍ਹਾਂ ਕਿਹਾ ਕਿ ਕੁੱਲ 71 ਮਰੀਜ਼ਾਂ ਨੂੰ ਬਾਹਰ ਕੱਢਿਆ ਗਿਆ ਹੈ ਅਤੇ ਸੁਰੱਖਿਅਤ ਥਾਵਾਂ 'ਤੇ ਭੇਜ ਦਿੱਤਾ ਗਿਆ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਫਿਲਹਾਲ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਇਕ ਵੱਖਰੀ ਘਟਨਾ 'ਚ ਚੀਨ ਦੇ ਪੂਰਬੀ ਝੇਜਿਆਂਗ ਸੂਬੇ ਦੇ ਜਿਨਹੁਆ ਸ਼ਹਿਰ ਦੀ ਵੂਈ ਕਾਊਂਟੀ 'ਚ ਇਕ ਫੈਕਟਰੀ 'ਚ ਅੱਗ ਲੱਗਣ ਕਾਰਨ 11 ਲੋਕਾਂ ਦੀ ਮੌਤ ਹੋ ਗਈ। ਦੱਸਣਯੋਗ ਹੈ ਕਿ ਅੱਗ ਸੋਮਵਾਰ ਤੜਕੇ 02.04 ਵਜੇ ਲੱਗੀ। ਘਟਨਾ ਬਾਰੇ ਐਮਰਜੈਂਸੀ ਕਾਲ ਮਿਲਣ ਤੋਂ ਬਾਅਦ ਫਾਇਰ ਇੰਜਨ, ਪੁਲਿਸ ਅਧਿਕਾਰੀ ਅਤੇ ਐਮਰਜੈਂਸੀ ਮੈਡੀਕਲ ਕਰਮਚਾਰੀ ਮੌਕੇ 'ਤੇ ਪਹੁੰਚ ਗਏ। ਚਾਈਨਾ ਡੇਲੀ ਨੇ ਦੱਸਿਆ ਕਿ ਅੱਗ 'ਤੇ ਕਾਬੂ ਪਾਉਣ ਤੋਂ ਬਾਅਦ ਮੰਗਲਵਾਰ ਤੜਕੇ 4 ਵਜੇ ਤੱਕ ਖੋਜ ਅਤੇ ਬਚਾਅ ਕਾਰਜ ਚਲਾਇਆ ਗਿਆ ਅਤੇ 11 ਲਾਸ਼ਾਂ ਮਿਲੀਆਂ। ਘਟਨਾ ਲਈ ਕਥਿਤ ਤੌਰ 'ਤੇ ਜ਼ਿੰਮੇਵਾਰ ਵਿਅਕਤੀਆਂ ਨੂੰ ਹਿਰਾਸਤ 'ਚ ਲੈ ਲਿਆ ਗਿਆ ਹੈ ਅਤੇ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।