ਦੱਖਣੀ ਫਿਲਪੀਨ ਵਿੱਚ ਕਿਸ਼ਤੀ ਨੂੰ ਅੱਗ ਲੱਗਣ ਕਾਰਨ 31 ਲੋਕਾਂ ਦੀ ਮੌਤ

ਬਾਸਿਲਾਨ (ਮਨੀਲਾ), 30 ਮਾਰਚ : ਦੱਖਣੀ ਫਿਲਪੀਨ ਵਿੱਚ 250 ਦੇ ਕਰੀਬ ਯਾਤਰੀਆਂ ਨੂੰ ਲੈ ਕੇ ਜਾ ਰਹੀ ਕਿਸ਼ਤੀ ਨੂੰ ਅੱਗ ਲੱਗਣ ਕਾਰਨ 31 ਲੋਕਾਂ ਦੀ ਮੌਤ ਹੋਣ ਜਾਣ ਦੀ ਖ਼ਬਰ ਹੈ। ਇਸ ਸਬੰਧੀ ਪ੍ਰਾਂਤ ਦੇ ਗਵਰਨਰ ਹੈਟਮੈਨ ਨੇ ਦੱਸਿਆ ਕਿ ਕਿਸ਼ਤੀ ਨੂੰ ਅੱਗ ਲੱਗਣ ਕਾਰਨ ਅੱਗ ‘ਚ ਝੁਲਸਣ ਅਤੇ ਪਾਣੀ ‘ਚ ਡੁੱਬਣ ਕਾਰਨ 31 ਲੋਕਾਂ ਦੀ ਮੌਤ ਹੋਈ ਹੈ, ਜਿੰਨ੍ਹਾਂ ਦੀਆਂ ਲਾਸ਼ਾਂ ਨੂੰ ਬਰਾਮਦ ਕਰਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਸੱਤ ਯਾਤਰੀ ਲਾਪਤਾ ਹੈ, ਜਿੰਨ੍ਹਾਂ ਦੀ ਭਾਲ ਜਾਰੀ ਹੈ। ਦੱਖਣੀ ਟਾਪੂ ਪ੍ਰਾਂਤ ਬਾਸਿਲਾਨ ਦੇ ਗਵਰਨਰ ਜਿਮ ਹੈਟਮੈਨ ਨੇ ਦੱਸਿਆ ਕਿ ਸਮੁੰਦਰ ਵਿਚ ਕੋਸਟ ਗਾਰਡ, ਨੇਵੀ ਅਤੇ ਦੂਜੀਆਂ ਕਿਸ਼ਤੀਆਂ ਅਤੇ ਸਥਾਨਕ ਮਛੇਰਿਆਂ ਨੇ ਲੋਕਾਂ ਨੂੰ ਬਚਾਉਣ ਦਾ ਕੰਮ ਕੀਤਾ। ਕਰੀਬ 23 ਯਾਤਰੀ ਜ਼ਖ਼ਮੀ ਹਨ, ਜਿਨ੍ਹਾਂ ਨੂੰ ਹਸਪਤਾਲਾਂ ਵਿਚ ਭਰਤੀ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਜਾਂਚ ਜਾਰੀ ਹੈ ਅਤੇ ਜੋ ਸਾਹਮਣੇ ਆਇਆ ਹੈ ਉਸ ਤੋਂ ਪਤਾ ਲੱਗਦਾ ਹੈ ਕਿ ਕਿਸ਼ਤੀ ਵਿਚ ਸਵਾਰ ਵਾਧੂ ਯਾਤਰੀ ਸੂਚੀਬੱਧ ਨਹੀਂ ਸਨ।

02