ਪੇਰੂ, 08 ਮਈ : ਦਖਣੀ ਪੇਰੂ 'ਚ ਸੋਨੇ ਦੀ ਖਾਨ 'ਚ ਅੱਗ ਲੱਗਣ ਕਾਰਨ 27 ਮਜ਼ਦੂਰਾਂ ਦੀ ਮੌਤ ਹੋ ਜਾਣ ਦੀ ਦੁੱਖਦਾਈ ਖਬਰ ਹੈ। ਇਹ ਹਾਦਸਾ ਅਰੇਕਿਪਾ ਖੇਤਰ ਵਿਚ ਲਾ ਐਸਪੇਰਾਂਜ਼ਾ 1 ਖਾਨ ਦੇ ਅੰਦਰ ਵਾਪਰਿਆ। ਇਸ ਸਬੰਧੀ ਅਧਿਕਾਰੀਆਂ, ਪੁਲਿਸ ਅਤੇ ਸਰਕਾਰੀ ਵਕੀਲ ਦੇ ਦਫ਼ਤਰ ਨੇ ਪੁਸ਼ਟੀ ਕੀਤੀ ਕਿ ਅੱਗ ਖਾਨ ਦੇ ਅੰਦਰ ਸ਼ਾਰਟ ਸਰਕਟ ਕਾਰਨ ਲੱਗੀ ਸੀ। ਸਰਕਾਰੀ ਵਕੀਲ ਗਿਯੋਵਨੀ ਮਾਟੋਸ ਨੇ ਦਸਿਆ ਕਿ "ਖਾਨ ਦੇ ਅੰਦਰ 27 ਮ੍ਰਿਤਕ ਲੋਕ ਸਨ।" ਇਸ ਤੋਂ ਪਹਿਲਾਂ ਸਥਾਨਕ ਮੀਡੀਆ 'ਚ ਅੱਗ ਲੱਗਣ ਦਾ ਕਾਰਨ ਧਮਾਕਾ ਦਸਿਆ ਜਾ ਰਿਹਾ ਸੀ। ਖੇਤਰੀ ਰਾਜਧਾਨੀ ਅਰੇਕਿਪਾ ਸ਼ਹਿਰ ਤੋਂ 10 ਘੰਟੇ ਦੀ ਦੂਰੀ 'ਤੇ ਸਥਿਤ ਕੰਡੇਸੁਯੋਸ ਸੂਬੇ ਵਿਚ ਇਕ ਖਾਨ 'ਚ ਧਮਾਕਾ ਹੋਣ ਤੋਂ ਬਾਅਦ ਅੱਗ ਲੱਗ ਗਈ। ਅੱਗ ਲੱਗਣ ਸਮੇਂ ਪੀੜਤ ਜ਼ਮੀਨ ਤੋਂ 100 ਮੀਟਰ ਹੇਠਾਂ ਸਨ। ਸਰਕਾਰੀ ਵਕੀਲ ਨੇ ਕਿਹਾ ਕਿ ਬਚਾਅ ਟੀਮਾਂ ਲਾਸ਼ਾਂ ਨੂੰ ਕੱਢਣ ਤੋਂ ਪਹਿਲਾਂ ਖਾਨ ਨੂੰ ਸੁਰੱਖਿਅਤ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ। ਤਾਂ ਜੋ ਅਸੀ ਇਸ ਵਿਚ ਦਾਖਲ ਹੋ ਸਕੀਏ ਅਤੇ ਲਾਸ਼ਾਂ ਨੂੰ ਬਾਹਰ ਕੱਢ ਸਕੀਏ। ਅੱਗ ਲੱਗਣ ਸਮੇਂ ਖਾਣ ਵਿਚ ਕਿੰਨੇ ਲੋਕ ਮੌਜੂਦ ਸਨ, ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਯਾਨਾਕੀਹੁਆ ਦੇ ਮੇਅਰ ਜੇਮਜ਼ ਕਾਸਕਿਨੋ ਨੇ ਐਂਡੀਨਾ ਸਮਾਚਾਰ ਏਜੰਸੀ ਨੂੰ ਦਸਿਆ ਕਿ ਜ਼ਿਆਦਾਤਰ ਕਾਮਿਆਂ ਦੀ ਮੌਤ ਦਮ ਘੁਟਣ ਅਤੇ ਸੜਨ ਨਾਲ ਹੋਈ ਹੋਵੇਗੀ। ਇਹ ਘਟਨਾ ਹਾਲ ਹੀ ਦੇ ਸਾਲਾਂ ਵਿਚ ਪੇਰੂ ਵਿਚ ਵਾਪਸੇ ਸੱਭ ਤੋਂ ਵੱਡੇ ਮਾਈਨਿੰਗ ਹਾਦਸਿਆਂ ਵਿਚੋਂ ਇਕ ਹੈ। ਦੱਸ ਦੇਈਏ ਕਿ ਪੇਰੂ ਲੈਟਿਨ ਅਮਰੀਕਾ ਵਿਚ ਸੋਨੇ ਦਾ ਸੱਭ ਤੋਂ ਵੱਡਾ ਉਤਪਾਦਕ ਹੈ।