ਸ਼ਹਿਰ ਡੋਨੇਟਸਕ ਨੂੰ ਹੋਈ ਭਾਰੀ ਗੋਲੀਬਾਰੀ ਵਿੱਚ 25 ਲੋਕਾਂ ਦੀ ਮੌਤ 

ਕੀਵ, 21 ਜਨਵਰੀ : ਰੂਸ ਦੇ ਕਬਜ਼ੇ ਵਾਲੇ ਸ਼ਹਿਰ ਡੋਨੇਟਸਕ ਦੇ ਬਾਹਰਵਾਰ ਇੱਕ ਬਾਜ਼ਾਰ ਵਿੱਚ ਐਤਵਾਰ ਨੂੰ ਹੋਈ ਭਾਰੀ ਗੋਲੀਬਾਰੀ ਵਿੱਚ 25 ਲੋਕਾਂ ਦੀ ਮੌਤ ਹੋ ਗਈ। ਰੂਸ ਵਿਚ ਸ਼ਾਮਲ ਕੀਤੇ ਗਏ ਕਸਬੇ ਦੇ ਮੇਅਰ ਅਲੈਕਸੀ ਕੁਲਮਗਿਨ ਨੇ ਕਿਹਾ ਕਿ ਟੇਕਸਟਿਲਸ਼ਚਿਕ ਦੇ ਉਪਨਗਰ 'ਤੇ ਹੋਏ ਹਮਲੇ ਵਿਚ ਦੋ ਬੱਚਿਆਂ ਸਮੇਤ 20 ਹੋਰ ਲੋਕ ਜ਼ਖਮੀ ਹੋਏ ਹਨ। ਮੇਅਰ ਅਲੈਕਸੀ ਕੁਲਮਜਿਨ ਨੇ ਦਾਅਵਾ ਕੀਤਾ ਕਿ ਇਹ ਗੋਲੇ ਯੂਕਰੇਨ ਦੀ ਫੌਜ ਨੇ ਦਾਗੇ ਸਨ। ਹਾਲਾਂਕਿ ਕਿਯੇਵ ਨੇ ਅਜੇ ਇਸ ਮਾਮਲੇ 'ਤੇ ਕੋਈ ਟਿੱਪਣੀ ਨਹੀਂ ਕੀਤੀ ਹੈ। ਇੱਥੇ ਦੱਸ ਦੇਈਏ ਕਿ ਐਤਵਾਰ ਨੂੰ ਹੀ ਰੂਸ ਦੇ ਉਸਟ-ਲੁਗਾ ਬੰਦਰਗਾਹ 'ਤੇ ਕੈਮੀਕਲ ਟਰਾਂਸਪੋਰਟ ਟਰਮੀਨਲ 'ਚ ਦੋ ਧਮਾਕਿਆਂ ਤੋਂ ਬਾਅਦ ਅੱਗ ਲੱਗ ਗਈ ਸੀ। ਸਥਾਨਕ ਮੀਡੀਆ ਮੁਤਾਬਕ ਬੰਦਰਗਾਹ 'ਤੇ ਯੂਕਰੇਨ ਨੇ ਡਰੋਨ ਨਾਲ ਹਮਲਾ ਕੀਤਾ ਸੀ। ਇਸ ਤੋਂ ਬਾਅਦ ਗੈਸ ਟੈਂਕ 'ਚ ਧਮਾਕਾ ਹੋ ਗਿਆ। ਰੂਸ ਦੇ ਕੁਦਰਤੀ ਗੈਸ ਦੇ ਦੂਜੇ ਸਭ ਤੋਂ ਵੱਡੇ ਉਤਪਾਦਕ ਨੋਵਾਟੇਕ ਦੇ ਸਥਾਨ 'ਤੇ ਅੱਗ ਲੱਗ ਗਈ। ਰੂਸੀ ਅਧਿਕਾਰੀ ਨੇ ਕਿਹਾ ਕਿ ਹਮਲੇ 'ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਜ਼ਿਲ੍ਹੇ ਨੂੰ ਹਾਈ ਅਲਰਟ 'ਤੇ ਰੱਖਿਆ ਗਿਆ ਹੈ। ਰੂਸੀ ਫੌਜ ਨੇ ਯੂਕਰੇਨ ਦੇ ਖਾਰਕਿਵ ਖੇਤਰ ਦੇ ਇੱਕ ਪਿੰਡ ਕ੍ਰੋਖਮਾਲਨੇ 'ਤੇ ਆਪਣਾ ਕੰਟਰੋਲ ਕਾਇਮ ਕਰ ਲਿਆ ਹੈ। ਰੂਸ ਦੇ ਰੱਖਿਆ ਮੰਤਰਾਲੇ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ ਅਤੇ ਯੂਕਰੇਨੀ ਫੌਜ ਦੇ ਬੁਲਾਰੇ ਨੇ ਵੀ ਇਸ ਦੀ ਪੁਸ਼ਟੀ ਕੀਤੀ। ਇਸ ਤੋਂ ਪਹਿਲਾਂ ਵੀਰਵਾਰ ਨੂੰ ਰੂਸ ਦੇ ਰੱਖਿਆ ਮੰਤਰਾਲੇ ਨੇ ਯੂਕਰੇਨ ਦੇ ਪੂਰਬੀ ਡੋਨੇਟਸਕ 'ਚ ਵੇਸਲੇ ਨਾਮਕ ਬਸਤੀ 'ਤੇ ਕਬਜ਼ਾ ਕਰਨ ਦੀ ਜਾਣਕਾਰੀ ਦਿੱਤੀ ਸੀ।