ਮਹਾਰਾਣੀ ਐਲਿਜ਼ਾਬੈਥ (II) ਦੀ ਪਹਿਲੀ ਬਰਸੀ ’ਤੇ 23 ਮਿਲੀਅਨ ਅਮਰੀਕੀ ਡਾਲਰ ਦਾ ਸਿੱਕਾ ਕੀਤਾ ਜਾਰੀ

  • ਭਾਰਤੀ ਮੂਲ ਦੇ ਈਸਟ ਇੰਡੀਆ ਕੰਪਨੀ ਦੇ ਸੀਈਓ ਸੰਜੀਵ ਮਹਿਤਾ ਨੇ ਹੀਰੇ ਤੇ ਸੋਨੇ ਨਾਲ ਬਣਿਆ ਸਿੱਕਾ ਕੀਤਾ ਜਾਰੀ 

ਲੰਡਨ, 09 ਸਤੰਬਰ : ਮਹਾਰਾਣੀ ਐਲਿਜ਼ਾਬੈਥ (II) ਦੀ ਪਹਿਲੀ ਬਰਸੀ ’ਤੇ ਭਾਰਤੀ ਮੂਲ ਦੇ ਈਸਟ ਇੰਡੀਆ ਕੰਪਨੀ ਦੇ ਸੀਈਓ ਸੰਜੀਵ ਮਹਿਤਾ ਨੇ ਹੀਰੇ ਤੇ ਸੋਨੇ ਨਾਲ ਬਣਿਆ ਸਿੱਕਾ ਜਾਰੀ ਕੀਤਾ ਹੈ। ਐਲਿਜ਼ਾਬੈਥ (II) ਦੀ ਯਾਦ ਵਿਚ ਸਿੱਕੇ ਨੂੰ 16 ਮਹੀਨਿਆਂ ਦੀ ਸਖ਼ਤ ਮਿਹਨਤ ਨਾਲ ਤਿਆਰ ਕੀਤਾ ਗਿਆ ਹੈ। ਇਸ ਨੂੰ ਹੁਣ ਤਕ ਦਾ ਸੱਭ ਤੋਂ ਕੀਮਤੀ ਸਿੱਕਾ ਮੰਨਿਆ ਜਾ ਰਿਹਾ ਹੈ। ਇਸ ਦੀ ਕੀਮਤ 23 ਮਿਲੀਅਨ ਅਮਰੀਕੀ ਡਾਲਰ ਭਾਵ ਕਿ 192 ਕਰੋੜ ਰੁਪਏ ਹੈ।  ਇਹ 4 ਕਿਲੋ ਸੋਨੇ ਦਾ ਬਣਿਆ ਹੈ। ਇਸ ਵਿਚ 6 ਹਜ਼ਾਰ 400 ਹੀਰੇ ਵੀ ਜੜੇ ਹੋਏ ਹਨ। ਇਸ ਨੂੰ ‘ਦਿ ਕਰਾਊਨ ਕੋਇਨ’ ਦਾ ਨਾਂ ਦਿੱਤਾ ਗਿਆ ਹੈ। ਇਹ ਈਸਟ ਇੰਡੀਆ ਕੰਪਨੀ ਦੇ ਭਾਰਤੀ ਮੂਲ ਦੇ ਸੀਈਓ ਸੰਜੀਵ ਮਹਿਤਾ ਦੁਆਰਾ ਜਾਰੀ ਕੀਤਾ ਗਿਆ ਹੈ। ਇਸ ਸਿੱਕੇ ਦੇ ਕਿਨਾਰਿਆਂ ‘ਤੇ ਮਹਾਰਾਣੀ ਐਲਿਜ਼ਾਬੈਥ II ਦੇ ਹਵਾਲੇ ਲਿਖੇ ਹੋਏ ਹਨ। ਪਹਿਲਾ ਹਵਾਲਾ ਹੈ – ਉਮਰ ਦੇ ਨਾਲ ਅਨੁਭਵ ਆਉਂਦਾ ਹੈ ਅਤੇ ਜੇਕਰ ਸਹੀ ਢੰਗ ਨਾਲ ਵਰਤਿਆ ਜਾਵੇ ਤਾਂ ਇਹ ਇੱਕ ਸੰਪਤੀ ਹੋ ਸਕਦਾ ਹੈ। ਦੂਜਾ ਹਵਾਲਾ ਹੈ- ਆਪਣੇ ਪੁਰਾਣੇ ਮਤਭੇਦਾਂ ਨੂੰ ਪਿੱਛੇ ਛੱਡ ਕੇ ਅਸੀਂ ਇਕੱਠੇ ਅੱਗੇ ਵਧਣ ਲਈ ਤਿਆਰ ਹੋ ਸਕਦੇ ਹਾਂ। ਮੀਡੀਆ ਰਿਪੋਰਟ ਮੁਤਾਬਕ ਇਸ ਸਿੱਕੇ ਦਾ ਆਕਾਰ ਇੱਕ ਬਾਸਕਟਬਾਲ ਦੇ ਬਰਾਬਰ ਹੈ। ਇਸ ਦਾ ਵਿਆਸ 9.6 ਇੰਚ ਹੈ। ਇਸ ਵਿੱਚ ਮਰਹੂਮ ਬਾਦਸ਼ਾਹ ਦੀਆਂ ਤਸਵੀਰਾਂ ਵੀ ਹਨ। ਇਹ ਤਸਵੀਰਾਂ ਮਸ਼ਹੂਰ ਪੋਰਟਰੇਟ ਕਲਾਕਾਰਾਂ ਮੈਰੀ ਗਿਲਿਕ, ਅਰਨੋਲਡ ਮਾਚਿਨ, ਰਾਫੇਲ ਮੈਕਕੋਲੋ ਅਤੇ ਇਆਨ ਰੈਂਕ-ਬ੍ਰਾਡਲੇ ਦੁਆਰਾ ਬਣਾਈਆਂ ਗਈਆਂ ਸਨ। ਇਸ ਦੇ ਨਾਲ ਹੀ ਇਸ ਸਿੱਕੇ ਨੂੰ ਬਣਾਉਣ ਵਿੱਚ ਭਾਰਤ, ਜਰਮਨੀ, ਬ੍ਰਿਟੇਨ, ਸ਼੍ਰੀਲੰਕਾ ਅਤੇ ਸਿੰਗਾਪੁਰ ਦੇ ਕਾਰੀਗਰਾਂ ਨੂੰ ਲਗਾਇਆ ਗਿਆ ਸੀ।