ਬ੍ਰਿਟਿਸ਼ ਕੋਲੰਬੀਆ 'ਚ 21 ਸਾਲਾ ਸਿੱਖ ਵਿਦਿਆਰਥੀ 'ਤੇ ਅਣਪਛਾਤੇ ਵਿਅਕਤੀਆਂ ਵੱਲੋਂ ਹਮਲਾ,

ਟੋਰਾਂਟੋ, ਪੀਟੀਆਈ : ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ 'ਚ ਭਾਰਤ ਤੋਂ ਆਏ 21 ਸਾਲਾ ਸਿੱਖ ਵਿਦਿਆਰਥੀ 'ਤੇ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਅਣਪਛਾਤੇ ਵਿਅਕਤੀਆਂ ਵੱਲੋਂ ਹਮਲਾ ਕਰਨ ਤੋਂ ਬਾਅਦ ਵਿਦਿਆਰਥੀ ਦੀ ਪੱਗ ਫਟ ਗਈ, ਜਿਸ ਤੋਂ ਬਾਅਦ ਉਸ ਨੂੰ ਵਾਲ਼ਾਂ ਨਾਲ ਖਿੱਚ ਕੇ ਫੁੱਟਪਾਥ 'ਤੇ ਲੈ ਗਏ। ਵਿਦਿਆਰਥੀ ਦਾ ਨਾਂ ਗਗਨਦੀਪ ਸਿੰਘ ਹੈ। ਸ਼ੁੱਕਰਵਾਰ ਰਾਤ ਜਦੋਂ ਉਹ ਘਰ ਜਾ ਰਿਹਾ ਸੀ ਤਾਂ ਉਸ 'ਤੇ ਹਮਲਾ ਕੀਤਾ ਗਿਆ। ਇਹ ਜਾਣਕਾਰੀ ਇਕ ਮੀਡੀਆ ਰਿਪੋਰਟ 'ਚ ਸਾਹਮਣੇ ਆਈ ਹੈ। ਕੌਂਸਲਰ ਮੋਹਿਨੀ ਸਿੰਘ ਨੇ ਦੱਸਿਆ ਕਿ ਉਸ ਨੂੰ ਹਮਲੇ ਬਾਰੇ ਕੁਝ ਦੇਰ ਬਾਅਦ ਪਤਾ ਲੱਗਾ ਜਿਸ ਤੋਂ ਬਾਅਦ ਉਹ ਗਗਨਦੀਪ ਨੂੰ ਮਿਲਣ ਪਹੁੰਚੀ। ਉਸ ਨੇ ਨਿਊਜ਼ ਚੈਨਲ ਨੂੰ ਦੱਸਿਆ, "ਜਦੋਂ ਮੈਂ ਉਸ ਨੂੰ ਦੇਖਿਆ ਤਾਂ ਡਰ ਗਈ। ਉਹ ਸਿਰਫ਼ ਨਰਮ ਆਵਾਜ਼ 'ਚ ਬੋਲ ਸਕਦਾ ਸੀ ਤੇ ਆਪਣਾ ਮੂੰਹ ਨਹੀਂ ਖੋਲ੍ਹ ਸਕਦਾ ਸੀ। ਉਸ ਦੀਆਂ ਅੱਖਾਂ ਸੁੱਜੀਆਂ ਹੋਈਆਂ ਸਨ। ਉਹ ਕਾਫੀ ਦਰਦ ਵਿੱਚ ਸੀ।'ਕੌਂਸਲਰ ਦਾ ਕਹਿਣਾ ਹੈ ਕਿ ਉਸ ਨੂੰ ਦੱਸਿਆ ਗਿਆ ਸੀ ਕਿ ਗਗਨਦੀਪ ਸੇਂਟ ਪੈਟ੍ਰਿਕ ਡੇ 'ਤੇ ਰਾਤ ਕਰੀਬ 10:30 ਵਜੇ ਕਰਿਆਨੇ ਦੀ ਖਰੀਦਦਾਰੀ ਕਰ ਕੇ ਘਰ ਜਾ ਰਿਹਾ ਸੀ। ਉਸ ਨੂੰ ਬੱਸ 'ਚ 12 ਤੋਂ 15 ਨੌਜਵਾਨਾਂ ਦਾ ਇਕ ਗਰੁੱਪ ਮਿਲਿਆ ਜੋ ਵਿਗ ਸੁੱਟ ਰਿਹਾ ਸੀ। ਉਹ ਉਸ ਨੂੰ ਤੰਗ-ਪ੍ਰੇਸ਼ਾਨ ਕਰ ਰਹੇ ਸਨ ਅਤੇ ਉਨ੍ਹਾਂ ਨੇ ਉਸ 'ਤੇ ਵੀ ਵਿੱਗ ਸੁੱਟ ਦਿੱਤੀ। ਉਸ ਨੇ ਉਨ੍ਹਾਂ ਨੂੰ ਕਿਹਾ ਕਿ ਉਹ ਉਸ ਨੂੰ ਪਰੇਸ਼ਾਨ ਨਾ ਕਰਨ। ਉਸਨੇ ਪੁਲਿਸ ਨੂੰ ਬੁਲਾਇਆ, ਪਰ ਫਿਰ ਵੀ ਉਹ ਉਸਨੂੰ ਤੰਗ ਕਰਦੇ ਰਹੇ। ਇਸ ਲਈ ਉਹ ਬੱਸ ਤੋਂ ਉਤਰ ਗਿਆ। ਮੋਹਿਨੀ ਸਿੰਘ ਨੇ ਅੱਗੇ ਕਿਹਾ, "ਨੌਜਵਾਨਾਂ ਦਾ ਟੋਲਾ ਵੀ ਗਗਨਦੀਪ ਦੇ ਪਿੱਛੇ ਉਤਰ ਗਿਆ। ਉਨ੍ਹਾਂ ਨੇ ਬੱਸ ਨਿਕਲਣ ਦਾ ਇੰਤਜ਼ਾਰ ਕੀਤਾ ਅਤੇ ਫਿਰ ਗਗਨਦੀਪ ਨੂੰ ਘੇਰ ਲਿਆ। ਉਨ੍ਹਾਂ ਨੇ ਉਸ ਦੇ ਚਿਹਰੇ, ਉਸ ਦੀਆਂ ਪਸਲੀਆਂ, ਬਾਹਾਂ ਤੇ ਲੱਤਾਂ 'ਤੇ ਹਮਲਾ ਕੀਤਾ ਤੇ ਫਿਰ ਉਸ ਦੀ ਪੱਗ ਫੜ ਲਈ। ਉਸ ਦੇ ਵਾਲ ਖਿੱਚੇ ਤੇ ਉਸ ਨੂੰ ਘਸੀਟਿਆ। ਗਗਨਦੀਪ ਨੂੰ ਛੱਡਣ ਤੋਂ ਬਾਅਦ ਉਹ ਉਸ ਦੀ ਪੱਗ ਆਪਣੇ ਨਾਲ ਲੈ ਗਏ। ਉਸ ਦੀ ਪੱਗ ਉਤਾਰਨਾ ਸਭ ਤੋਂ ਮਾੜਾ ਕੰਮ ਸੀ। ਅਜਿਹਾ ਲੱਗਦਾ ਹੈ ਜਿਵੇਂ ਉਨ੍ਹਾਂ ਨੇ ਇਸ ਨੂੰ ਟਰਾਫੀ ਦੇ ਰੂਪ 'ਚ ਲਿਆ ਹੈ।' ਕੌਂਸਲਰ ਨੇ ਦੱਸਿਆ ਕਿ ਹੋਸ਼ ਆਉਣ ਤੋਂ ਬਾਅਦ ਗਗਨਦੀਪ ਨੇ ਆਪਣੇ ਦੋਸਤ ਨੂੰ ਫੋਨ ਕੀਤਾ, ਜਿਨ੍ਹਾਂ ਨੇ ਮੌਕੇ ’ਤੇ ਆ ਕੇ 911 ’ਤੇ ਫੋਨ ਕੀਤਾ। ਗਗਨਦੀਪ ਦੇ ਦੋਸਤ ਵਿਦਿਆਰਥੀ 'ਤੇ ਹੋਏ ਹਮਲੇ ਤੋਂ ਡਰੇ ਹੋਏ ਹਨ। ਇਸ ਤੋਂ ਬਾਅਦ ਐਤਵਾਰ ਨੂੰ ਬੱਸ ਸਟਾਪ 'ਤੇ ਇਕ ਇਕੱਠ ਹੋਇਆ, ਜਿੱਥੇ ਉਨ੍ਹਾਂ ਦੱਸਿਆ ਕਿ ਕਿਵੇਂ ਉਹ ਆਪਣੇ ਭਾਈਚਾਰੇ ਵਿਚ ਘੱਟ ਸੁਰੱਖਿਅਤ ਮਹਿਸੂਸ ਕਰਦੇ ਹਨ। ਕੌਂਸਲਰ ਦਾ ਕਹਿਣਾ ਹੈ ਕਿ ਗਗਨਦੀਪ ਸਿੱਖ ਹੈ ਤੇ ਭਾਰਤ ਦਾ ਰਹਿਣ ਵਾਲਾ ਹੈ, ਜੋ ਕਿ ‘ਬਿਨਾਂ ਸ਼ੱਕ’ ਹਮਲੇ ਦਾ ਕਾਰਨ ਹੈ। ਉਸ ਨੇ ਕਿਹਾ, "ਮੈਂ ਪੂਰੀ ਤਰ੍ਹਾਂ ਨਾਲ ਸਹਿਮਤ ਹਾਂ ਕਿ ਇਹ ਨਸਲਵਾਦ ਹੈ ਤੇ ਇਸ ਨੂੰ ਅਜਿਹਾ ਹੀ ਮੰਨਿਆ ਜਾਣਾ ਚਾਹੀਦਾ ਹੈ। ਇਹ ਅਜਿਹੀ ਚੀਜ਼ ਨਹੀਂ ਹੈ ਜੋ ਕਿਤੇ ਵੀ ਸਵੀਕਾਰਯੋਗ ਨਹੀਂ ਹੈ। ਇਹ ਅਸਹਿਣਯੋਗ ਹੈ। ਕੇਲੋਨਾ ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ ਨੇ ਇਕ ਬਿਆਨ ਵਿੱਚ ਕਿਹਾ ਕਿ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ। ਸੱਟਾਂ ਬਾਰੇ ਕੋਈ ਵੇਰਵਾ ਨਹੀਂ ਦਿੱਤਾ ਗਿਆ ਹੈ। ਪੀੜਤ ਨੂੰ ਪੈਰਾਮੈਡਿਕਸ ਨੇ ਹਸਪਤਾਲ ਪਹੁੰਚਾਇਆ। ਬੁਲਾਰੇ ਕਾਂਸਟੇਬਲ ਮਾਈਕ ਡੇਲਾ-ਪਾਓਲੇਰਾ ਨੇ ਕਿਹਾ, 'ਕੇਲੋਨਾ ਆਰਸੀਐਮਪੀ ਇਸ ਨੂੰ ਬਹੁਤ ਗੰਭੀਰਤਾ ਨਾਲ ਲੈਂਦੀ ਹੈ ਤੇ ਚਿੰਤਤ ਹੈ ਕਿ ਸਾਡੇ ਸ਼ਹਿਰ ਵਿੱਚ ਇਸ ਤਰ੍ਹਾਂ ਦਾ ਅਪਰਾਧ ਹੋਇਆ ਹੈ। ਇਹ ਹਮਲਾ ਸਾਡੇ ਜਾਂਚਕਰਤਾਵਾਂ ਲਈ ਇੱਕ ਪ੍ਰਮੁੱਖ ਤਰਜੀਹ ਹੈ।'