ਮੋਗਾਦਿਸ਼ੂ 22 ਅਪ੍ਰੈਲ : ਸੋਮਾਲੀਆ ’ਚ ਅੱਤਵਾਦੀਆਂ ਵੱਲੋਂ ਕੀਤੀ ਗਈ ਫਾਇਰਿੰਗ ਦੇ ਜਵਾਬ ’ਚ ਕੀਤੀ ਗਈ ਕਾਰਵਾਈ ’ਚ ਅਲ ਸ਼ਬਾਬ ਅੱਤਵਾਦੀ ਸੰਗਠਨ ਦੇ 18 ਲੜਾਕੇ ਮਾਰੇ ਗਏ। ਮਸਾਗਵੇ ਸ਼ਹਿਰ ’ਚ ਹੋਈ ਇਸ ਫਾਇਰਿੰਗ ’ਚ ਤਿੰਨ ਨਾਗਰਿਕਾਂ ਦੀ ਵੀ ਮੌਤ ਹੋ ਗਈ। ਮਸਾਗਵੇ ਸ਼ਹਿਰ ਗਲਗਡੂਡ ਦੇ ਕੇਂਦਰ ’ਚ ਸਥਿਤ ਇਕ ਸੈਨਿਕ ਅੱਡਾ ਹੈ। ਸਥਾਨਕ ਨਾਗਰਿਕਾਂ ਨੇ ਦੱਸਿਆ ਕਿ ਵੱਡੀ ਗਿਣਤੀ ’ਚ ਅੱਤਵਾਦੀਆਂ ਨੇ ਉੱਥੇ ਹਮਲਾ ਬੋਲ ਦਿੱਤਾ ਤੇ ਆਸਪਾਸ ਦੇ ਵਾਹਨਾਂ ਨੂੰ ਅੱਗ ਲਗਾ ਦਿੱਤੀ। ਅਲ ਸ਼ਬਾਬ ਦਾ ਸਬੰਧ ਅਲਕਾਇਦਾ ਨਾਲ ਹੈ। ਉਹ ਮੋਗਾਦਿਸ਼ੂ ’ਚ ਸੋਮਾਲੀਆ ਸਰਕਾਰ ਦਾ ਵਿਰੋਧ ਕਰ ਰਹੀ ਹੈ। ਦਿਹਾਤੀ ਇਲਾਕਿਆਂ ’ਚ ਕੰਟਰੋਲ ਖ਼ਤਮ ਹੋਣ ਤੋਂ ਬਾਅਦ ਤੋਂ ਅੱਤਵਾਦੀਆਂ ਵੱਲੋਂ ਸੈਨਿਕ ਅੱਡਿਆਂ ਨੂੰ ਹਾਲ ਹੀ ਦੇ ਮਹੀਨਿਆਂ ’ਚ ਲਗਾਤਾਰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਅੱਤਵਾਦੀਆਂ ’ਤੇ ਲਗਾਮ ਲਾਉਣ ਲਈ ਅਮਰੀਕੀ ਹਵਾਈ ਫ਼ੌਜ ਵੱਲੋਂ ਅਲ ਸ਼ਬਾਬ ਦੇ ਟਿਕਾਣਿਆਂ ਨੂੰ ਅਕਸਰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਇਸ ਦਰਮਿਆਨ ਸੋਮਾਲੀਆ ਦਹਾਕਿਆਂ ’ਚ ਸਭ ਤੋਂ ਖ਼ਰਾਬ ਸੋਕੇ ਦਾ ਸਾਹਮਣਾ ਕਰ ਰਿਹਾ ਹੈ। ਇਸ ਮਹੀਨੇ ਦੀ ਸ਼ੁਰੂਆਤ ’ਚ ਉੱਥੋਂ ਦੀ ਯਾਤਰਾ ਦੌਰਾਨ ਸੰਯੁਕਤ ਰਾਸ਼ਟਰ ਸਕੱਤਰ ਜਨਰਲ ਐਂਟੋਨੀਓ ਗੁਤਰਸ ਨੇ ਦੇਸ਼ ਲਈ ਵੱਡੇ ਪੱਧਰ ’ਤੇ ਕੌਮਾਂਤਰੀ ਸਮਰਥਨ ਦੀ ਅਪੀਲ ਕੀਤੀ ਸੀ।