ਸਿਸਲੀ, 19 ਅਪ੍ਰੈਲ : ਇਟਲੀ ਦੀ ਕਸਟਮ ਪੁਲਿਸ ਨੇ ਸੋਮਵਾਰ ਨੂੰ ਕੋਕੀਨ ਦੀ ਵੱਡੀ ਖੇਪ ਜ਼ਬਤ ਕੀਤੀ ਹੈ। ਇਟਲੀ ਦੇ ਸਿਸਲੀ ਦੇ ਸਮੁੰਦਰ ਤੱਟ ਨੇੜੇ 2 ਟਨ ਕੋਕੀਨ ਤੈਰਦੀ ਹੋਈ ਮਿਲੀ। ਇਸ ਦੀ ਬਾਜ਼ਾਰ ਵਿੱਚ ਕੀਮਤ 440 ਮਿਲੀਅਨ ਡਾਲਰ ਤੋਂ ਵੱਧ ਦੱਸੀ ਜਾਂਦੀ ਹੈ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਨਸ਼ੀਲੇ ਪਦਾਰਥਾਂ ਨੂੰ ਕਰੀਬ 70 ਵਾਟਰਪਰੂਫ ਪੈਕੇਟਾਂ ਵਿੱਚ ਸੀਲ ਕਰਕੇ ਮੈਡੀਟੇਰੀਅਨ ਸਾਗਰ ਵਿੱਚ ਸੁੱਟ ਦਿੱਤਾ ਗਿਆ ਸੀ। ਜੋ ਇਟਲੀ ਵੱਲ ਤੈਰ ਕੇ ਆਇਆ ਸੀ। ਇਟਾਲੀਅਨ ਪੁਲਿਸ ਮੁਤਾਬਕ ਇਹ ਕਸਟਮ ਵਿਭਾਗ ਵੱਲੋਂ ਜ਼ਬਤ ਕੀਤੇ ਗਏ ਨਸ਼ੀਲੇ ਪਦਾਰਥਾਂ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਕੈਸ਼ ਹੈ। ਇਟਲੀ ਦੇ ਸਮੁੰਦਰੀ ਨਿਗਰਾਨੀ ਹਵਾਈ ਜਹਾਜ਼ ਨੇ ਸਿਸੀਲੀਅਨ ਤੱਟ ‘ਤੇ 2,000 ਕਿਲੋਗ੍ਰਾਮ ਕੋਕੀਨ ਦੇ ਕੈਸ਼ ਨੂੰ ਤੈਰਦੇ ਹੋਏ ਦੇਖਿਆ। ਜਿਸ ਤੋਂ ਬਾਅਦ ਉਸ ਨੇ ਪੁਲਿਸ ਨੂੰ ਸੂਚਿਤ ਕੀਤਾ। ਇਟਲੀ ਦੇ ਕਸਟਮ ਵਿਭਾਗ ਵੱਲੋਂ 70 ਪੈਕਟ ਜ਼ਬਤ ਕਰ ਲਏ ਗਏ ਹਨ। ਜਦੋਂ ਇਸ ਨੂੰ ਜ਼ਮੀਨ ‘ਤੇ ਲਿਆ ਕੇ ਪੈਕੇਟ ਖੋਲ੍ਹਿਆ ਗਿਆ ਤਾਂ ਉਸ ‘ਚ ਕੋਕੀਨ ਨਿਕਲੀ। ਕਸਟਮ ਅਧਿਕਾਰੀਆਂ ਮੁਤਾਬਕ ਕੋਕੀਨ ਦੇ ਪੈਕੇਟ ਮੱਛੀਆਂ ਫੜਨ ਵਾਲੇ ਜਾਲ ਵਿੱਚ ਲਪੇਟ ਕੇ ਸੁੱਟੇ ਗਏ ਸਨ। ਇਸ ਦੇ ਨਾਲ ਇੱਕ ਚਮਕਦਾਰ ਟ੍ਰੈਕਿੰਗ ਯੰਤਰ ਵੀ ਲਗਾਇਆ ਗਿਆ ਸੀ, ਤਾਂ ਜੋ ਇਸਨੂੰ ਬਾਅਦ ਵਿੱਚ ਬਰਾਮਦ ਕੀਤਾ ਜਾ ਸਕੇ। ਅਧਿਕਾਰੀਆਂ ਮੁਤਾਬਕ ਇਸ ਨੂੰ ਲੁਕਾਉਣ ਲਈ ਕਾਰਗੋ ਜਹਾਜ਼ ਤੋਂ ਸੁੱਟਿਆ ਗਿਆ ਸੀ। ਇਟਲੀ ਦੇ ਉਪ ਪ੍ਰਧਾਨ ਮੰਤਰੀ ਅਤੇ ਬੁਨਿਆਦੀ ਢਾਂਚਾ ਮੰਤਰੀ ਮੈਟਿਓ ਸਾਲਵਿਨੀ ਨੇ ਸੋਮਵਾਰ ਨੂੰ ਟਵੀਟ ਕਰਕੇ ਟੀਮ ਨੂੰ ਵਧਾਈ ਦਿੱਤੀ। ਉਨ੍ਹਾਂ ਲਿਖਿਆ ਕਿ ਇਸ ਆਪਰੇਸ਼ਨ ਲਈ ਗਾਰਡੀਆ ਡੀ ਫਾਈਨਾਂਜ਼ਾ ਨੂੰ ਵਧਾਈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਫਰਵਰੀ ਵਿਚ ਨਿਊਜ਼ੀਲੈਂਡ ਨੇ ਪ੍ਰਸ਼ਾਂਤ ਮਹਾਸਾਗਰ ਤੋਂ 3,500 ਕਿਲੋਗ੍ਰਾਮ ਕੋਕੀਨ ਬਰਾਮਦ ਕੀਤੀ ਸੀ। ਇਸ ਦੀ ਲਾਗਤ 4 ਹਜ਼ਾਰ ਕਰੋੜ ਰੁਪਏ ਸੀ। ਇਸ ਨੂੰ ਕਾਲੇ ਅਤੇ ਗੁਲਾਬੀ ਰੰਗ ਦੇ 81 ਪੈਕੇਟਾਂ ਵਿੱਚ ਸੀਲ ਕਰਕੇ ਪ੍ਰਸ਼ਾਂਤ ਮਹਾਸਾਗਰ ਵਿੱਚ ਸੁੱਟ ਦਿੱਤਾ ਗਿਆ ਸੀ। ਅਧਿਕਾਰੀਆਂ ਨੇ ਦੱਸਿਆ ਸੀ ਕਿ ਤਸਕਰ ਇਸ ਨੂੰ ਆਸਟ੍ਰੇਲੀਆ ‘ਚ ਸਪਲਾਈ ਕਰਨਾ ਚਾਹੁੰਦੇ ਸਨ।