ਕੈਨੇਡਾ 'ਚ ਦੋ ਵੱਖ ਵੱਖ ਸੜਕ ਹਾਦਸਿਆਂ ਵਿੱਚ 2 ਪੰਜਾਬੀ ਨੌਜਵਾਨਾਂ ਦੀ ਮੌਤ

ਟੋਰਾਂਟੋਂ, 28 ਜੂਨ 2024 : ਕੈਨੇਡਾ ਤੋਂ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆਈ ਹੈ। ਚਾਰ ਦੋਸਤ ਘੁੰਮਣ ਲਈ ਘਰੋਂ ਨਿਕਲਦੇ ਹਨ ਕਿ ਰਸਤੇ ਵਿਚ ਉਨ੍ਹਾਂ ਦੀ ਗੱਡੀ ਸੜਕ ਹਾਦਸੇ ਦਾ ਸ਼ਿਕਾਰ ਹੋ ਜਾਂਦੀ ਹੈ। ਹਾਦਸੇ ਵਿਚ 2 ਨੌਜਵਾਨਾਂ ਦੀ ਮੌਤ ਹੋ ਜਾਂਦੀ ਹੈ। ਇਕ ਨੌਜਵਾਨ ਦੀ ਪਛਾਣ ਸਚਿਨ ਸਚਦੇਵਾ ਵਜੋਂ ਹੋਈ ਹੈ ਜੋ ਕਿ ਤਲਵੰਡੀ ਭਾਈ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਤੇ ਦੂਜਾ ਪੰਜਾਬੀ ਮੋਗਾ ਨਾਲ ਸਬੰਧਤ ਦੱਸਿਆ ਜਾ ਰਿਹਾ ਹੈ। ਸਚਿਨ 4 ਮਹੀਨੇ ਪਹਿਲਾਂ ਕੈਨੇਡਾ ਗਿਆ  ਸੀ ਤੇ ਉਹ ਸਰੀ ਵਿਚ ਸਟੱਡੀ ਬੇਸ ‘ਤੇ ਗਿਆ ਸੀ। ਸਚਿਨ ਸਚਦੇਵਾ ਆਪਣੇ ਮਾਪਿਆਂ ਦਾ ਇਕਲੌਤਾ ਪੁੱਤ ਸੀ। ਸੜਕ ਹਾਦਸੇ ਵਿਚ 2 ਨੌਜਵਾਨਾਂ ਦੀ ਜਾਨ ਜਾਣ ਨਾਲ ਪਰਿਵਾਰਾਂ ‘ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ ਤੇ ਉਨ੍ਹਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਪਰਿਵਾਰ ਵਾਲਿਆਂ ਦੀ ਮੰਗ ਹੈ ਕਿ ਦੋਵਾਂ ਦੀਆਂ ਮ੍ਰਿਤਕ ਦੇਹਾਂ ਭਾਰਤ ਮੰਗਵਾਈਆਂ ਜਾਣ ਤਾਂ ਜੋ ਉਹ ਆਖਰੀ ਵਾਲ ਆਪਣੇ ਪੁੱਤਰ ਦੇ ਦਰਸ਼ਨ ਕਰ ਸਕਣ ਤੇ ਭਾਰਤੀ ਰੀਤੀ-ਰਿਵਾਜਾਂ ਮੁਤਾਬਕ ਉਨ੍ਹਾਂ ਦਾ ਸਸਕਾਰ ਕਰ ਸਕਣ। ਅਜਿਹੇ ਹੀ ਇੱਕੋ ਸੜਕ ਹਾਦਸੇ ਵਿੱਚ ਪੰਜਾਬੀ ਨੌਜਵਾਨ ਦੀ ਮੌਤ ਹੋ ਜਾਣ ਦੀ ਖਬਰ ਹੈ। ਕੈਨੇਡਾ ਵਿੱਚ ਪਿੰਡ ਕਾਹਨ ਸਿੰਘ ਵਾਲਾ ਦੇ ਨੌਜਵਾਨ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਚਰਨਪ੍ਰੀਤ ਸਿੰਘ ਵਜੋਂ ਹੋਈ ਹੈ। ਚਰਨਪ੍ਰੀਤ ਸਿੰਘ 11 ਮਹੀਨੇ ਪਹਿਲਾਂ ਹੀ ਉੱਚ ਸਿੱਖਿਆ ਲਈ ਸਟੱਡੀ ਵੀਜ਼ਾ ‘ਤੇ ਵਿਦੇਸ਼ ਗਿਆ ਸੀ। ਸੂਚਨਾ ਮਿਲਦੇ ਹੀ ਪਰਿਵਾਰ ਵਿੱਚ ਸੋਗ ਦੀ ਲਹਿਰ ਹੈ।