ਸੈਨੇਗਲ ’ਚ ਬੱਸ ਅਤੇ ਟਰੱਕ ਦੀ ਭਿਆਨਕ ਟੱਕਰ ’ਚ 19 ਲੋਕਾਂ ਦੀ ਮੌਤ, 24 ਜਖ਼ਮੀ

ਡਕਾਰ, 16 ਜਨਵਰੀ : ਪੱਛਮੀ ਅਫਰੀਕੀ ਦੇਸ਼ ਸੇਨੇਗਲ ਵਿੱਚ ਵਾਪਰੇ ਭਿਆਨਕ ਸੜਕ ਹਾਦਸੇ ’ਚ 19 ਲੋਕਾਂ ਦੀ ਮੌਤ ਅਤੇ ਦਰਜਨਾਂ ਹੋਰ ਜਖ਼ਮੀ ਹੋਣ ਜਾਣ ਦੀ ਦੁਖਦਾਈ ਖ਼ਬਰ ਹੈ। ਮਿਲੀ ਜਾਣਕਾਰੀ ਅਨੁਸਾਰ ਇਹ ਭਿਆਨਕ ਹਾਦਸਾ ਇੱਕ ਜਾਨਵਰ ਨੂੰ ਬਚਾਉਂਦੇ ਹੋਏ ਹੋਇਆ, ਕਿ ਬੱਸ ਦੀ ਟਰੱਕ ਨਾਲ ਟੱਕਰ ਹੋ ਗਈ। ਸਥਾਨਕ ਮੀਡੀਆ ਅਨੁਸਾਰ ਇਹ ਹਾਦਸਾ ਦੋ ਨੰਬਰ ਕੌਮੀ ਸੜਕ 'ਤੇ ਉਸ ਸਮੇਂ ਵਾਪਰਿਆ ਜਦੋਂ ਸਾਹਮਣੇ ਇਕ ਜਾਨਵਰ ਆ ਗਿਆ ਅਤੇ ਉਸ ਨੂੰ ਬਚਾਉਣ ਦੇ ਚਲਦੇ ਬੱਸ ਅਤੇ ਟਰੱਕ ਦੀ ਟੱਕਰ ਹੋ ਗਈ। ਜ਼ਿਕਰਯੋਗ ਹੈ ਕਿ ਮਹਿਜ਼ ਅੱਠ ਦਿਨ ਪਹਿਲਾਂ ਸੇਨੇਗਲ ਦੇ ਕੈਫਰੀਨ ਖੇਤਰ ਦੇ ਗਨੀਵੀ ਪਿੰਡ ਵਿੱਚ ਵੱਡਾ ਹਾਦਸਾ ਵਾਪਰਿਆ ਸੀ। ਦੋ ਬੱਸਾਂ ਦੀ ਟੱਕਰ ਹੋਈ ਸੀ ਜਿਸ ਵਿੱਚ 40 ਲੋਕਾਂ ਦੀ ਮੌਤ ਹੋ ਗਈ ਸੀ ਅਤੇ 100 ਦੇ ਕਰੀਬ ਲੋਕ ਜ਼ਖ਼ਮੀ ਹੋ ਗਏ ਸਨ। ਉਸ ਹਾਦਸੇ ਤੋਂ ਬਾਅਦ ਸਰਕਾਰ ਨੇ ਸੜਕ ਹਾਦਸਿਆਂ ਨੂੰ ਘੱਟ ਕਰਨ ਲਈ ਕਈ ਕਦਮ ਚੁੱਕੇ ਸਨ। ਸਰਕਾਰ ਨੇ ਰਾਤ ਦੀਆਂ ਬੱਸਾਂ 'ਤੇ ਪਾਬੰਦੀ ਦੇ ਨਾਲ ਨਾਲ ਪਹਿਲਾਂ ਵਰਤੇ ਹੋਏ ਟਾਇਰਾਂ ਦੇ ਆਯਾਤ ਨੂੰ ਗੈਰ-ਕਾਨੂੰਨੀ ਐਲਾਨ ਦਿੱਤਾ ਸੀ। ਇਸ ਤੋਂ ਇਲਾਵਾ ਮਾਲ ਢੋਹਣ ਵਾਲੇ ਵਾਹਨਾਂ ਅਤੇ ਯਾਤਰੀ ਬੱਸਾਂ ਦੀ ਸਪੀਡ ਵੀ 90km ਪ੍ਰਤੀ ਘੰਟਾ ਕਰ ਦਿੱਤੀ ਗਈ ਸੀ

  • ਰਾਸ਼ਟਰਪਤੀ ਨੇ ਟਵੀਟ ਕਰ ਕੇ ਦੁੱਖ ਦਾ  ਕੀਤਾ ਪ੍ਰਗਟਾਵਾ

ਹਾਦਸੇ ਤੋਂ ਬਾਅਦ ਰਾਸ਼ਟਰਪਤੀ ਮੈਕੀ ਸੈਲ ਨੇ ਟਵੀਟ ਕਰ ਕੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਜਾਣਕਾਰੀ ਸਾਂਝੀ ਕੀਤੀ ਹੈ। ਉਨ੍ਹਾਂ ਕਿਹਾ ਕਿ ਸਾਡੀਆਂ ਸੜਕਾਂ 'ਤੇ ਇੱਕ ਹੋਰ ਘਾਤਕ ਹਾਦਸਾ ਵਾਪਰਿਆ। ਦੁਖੀ ਪਰਿਵਾਰਾਂ ਪ੍ਰਤੀ ਮੇਰੀ ਦਿਲੀ ਹਮਦਰਦੀ ਹੈ। ਮੈਂ ਜ਼ਖ਼ਮੀਆਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰਦਾ ਹਾਂ।