ਅਦਾਕਾਰੀ ਹੀ ਮੇਰੀ ਜ਼ਿੰਦਗੀ ਹੈ : ਵਿਸ਼ੂ ਖੇਤੀਆ

ਜ਼ਿੰਦਗੀ ਵਿੱਚ ਕੁੱਝ ਕਰਨ ਦੀ ਚਾਹਤ, ਲਗਨ ਤੇ ਜਨੂੰਨ ਨਾਲ ਤੁਸੀਂ ਵੱਡੀ ਤੋਂ ਵੱਡੀ ਬੁਲੰਦੀ ਨੂੰ ਵੀ ਸਰ ਕਰ ਸਕਦੇ ਹੋ, ਇਸ ਗੱਲ ਨੂੰ ਸੱਚ ਕਰ ਦਿਖਾਇਆ ਹੈ, ਜਿਲ੍ਹਾ ਮਾਨਸਾ ਦੇ ਪਿੰਡ ਜਟਾਣਾ ਕਲਾਂ ਦੀ ਜੰਮਪਲ ਕੁੜੀ ਅਦਾਕਾਰਾ ਵਿਸ਼ੂ ਖੇਤੀਆ ਨੇ, ਜਿਸ ਨੇ ਰੰਗ ਮੰਚ ਤੋਂ ਆਪਣੇ ਕੈਰੀਅਰ ਦੀ ਸ਼ੁਰੂਆਤ ਕਰਕੇ ਅੱਜ ਅਨੇਕਾਂ ਪੰਜਾਬੀ ਫਿਲਮਾਂ, ਪੰਜਾਬੀ ਗੀਤਾਂ, ਨਾਟਕਾਂ ’ਚ ਆਪਣੀ ਅਦਾਕਾਰੀ ਰਾਹੀਂ ਇੱਕ ਵੱਖਰੀ ਪਹਿਚਾਣ ਬਣਾਈ ਹੈ। ਵਿਸ਼ੂ ਅਦਾਕਾਰੀ ਨੂੰ ਆਪਣੀ ਜ਼ਿੰਦਗੀ ਮੰਨਦੀ ਹੈ। ਅਦਾਕਾਰਾ ਵਿਸ਼ੂ ਖੇਤੀਆ ਸੀਰੀਅਲ ਬਟਵਾਰਾ ’ਚ ਰੱਤੋ ਨਾਮਕ ਕੁੜੀ ਦਾ ਵੱਖਰੇ ਤਰ੍ਹਾਂ ਦਾ ਕਿਰਦਾਰ ਨਿਭਾ ਕੇ ਚੰਗਾ ਨਾਮਣਾਂ ਖੱਟਿਆ ਸੀ। ਮਾਤਾ ਮਨਜੀਤ ਕੌਰ ਦੀ ਕੁੱਖੋਂ ਅਤੇ ਪਿਤਾ ਤੇਜਾ ਸਿੰਘ ਦੇ ਗ੍ਰਹਿ ਵਿਖੇ ਜਨਮੀ ਵਿਸ਼ੂ ਖੇਤੀਆ ਨੇ ਆਪਣੀ ਮੁੱਢਲੀ ਪੜ੍ਹਾਈ ਸੀਨੀਅਰ ਸੈਕੰਡਰੀ ਸਕੂਲ ਕੁਸਲਾ ਤੋਂ ਕਰਨ ਉਪਰੰਤ ਗ੍ਰੈਜੂਏਸ਼ਨ ਮਾਤਾ ਗੁਜਰੀ ਗਰਲਜ ਕਾਲਜ ਸਰਦੂਲਗੜ੍ਹ ਤੋਂ ਹਾਸਲ ਕੀਤੀ।
ਵਿਸ਼ੂ ਖੇਤੀਆ ਨੂੰ ਬਚਪਨ ਤੋਂ ਅਦਾਕਾਰੀ ਕਰਨ ਦਾ ਸ਼ੌਂਕ ਸੀ, ਜਿਸ ਕਾਰਨ ਉਸਨੇ ਸਕੂਲ ’ਚ ਪੜ੍ਹਦੇ ਸਮੇਂ ਹੀ ਵੱਖ ਵੱਖ ਗਤੀਵਿਧੀਆਂ ’ਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ ਸੀ। ਅਦਾਕਾਰੀ ਖੇਤਰ ’ਚ ਹੋਰ ਅੱਗੇ ਵਧਣ ਲਈ ਵਿਸ਼ੂ ਖੇਤੀਆ ਰੰਗਮੰਚ ਨਾਲ ਜੁੜ ਗਈ ਤੇ ਉਘੇ ਰੰਗਕਰਮੀ ਸੁਰਿੰਦਰ ਸਾਗਰ ਬੋਹਾ ਦੀ ਟੀਮ ਨਾਲ ਨਾਟਕ ਛਿਪਣ ਤੋਂ ਪਹਿਲਾਂ, ਕਥਾ ਰੁੱਖਾਂ ਤੇ ਕੁੱਖਾ ਦੀ, ਮਿੱਟੀ ਰੁੱਦਨ ਕਰੇ, ਨਸ਼ੇ ਦਾ ਅੰਤ, ਫਾਂਸੀ ਅਤੇ ਬੁੱਤ ਜਾਗ ਪਿਆ ਆਦਿ ਕੀਤੇ। ਇਸ ਤੋਂ ਬਾਅਦ ਆਪਣੀ ਅਦਾਕਾਰੀ ਨੂੰ ਹੋਰ ਨਿਖਾਰਨ ਲਈ ਟਾਇਮ ਟੀ.ਵੀ. ਪਟਿਆਲਾ ਵਿਖੇ ਐਕਟਿੰਗ ਦੀਆਂ ਕਲਾਸਾਂ ਵੀ ਲਗਾਈਆਂ। ਵਿਸ਼ੂ ਖੇਤੀਆ ਫਿਲਮ ਸੀਬੋ, ਚੂੜੀਆਂ, ਸੂਬੇਦਾਰ ਜੋਗਿੰਦਰ ਸਿੰਘ, ਜੋਰਾ 10 ਨੰਬਰੀਆ, ਗਦਰੀ ਯੋਧੇ, ਸੱਚ, ਸਬੂਤੇ ਕਦਮ, ਕੈਨੇਡਾ ਜਾਣਾ ਹੀ ਜਾਣਾ, ਆਦਿ ਸਮੇਤ ਇੱਕ ਦਰਜਨ ਦੇ ਕਰੀਬ ਫਿਲਮਾਂ ਤੋਂ ਇਲਾਵਾ ਸੀਰੀਅਲ ਏ ਵਾਰਦਾਤ, ਬਟਵਾਰਾ, ਪੀਟੀਸੀ ਬੌਕਸ ਫਿਲਮ ਰੰਗ ਆਦਿ ਵਿੱਚ ਆਪਣੀ ਅਦਾਕਾਰੀ ਦਾ ਲੋਹਾ ਮਨਵਾ ਚੁੱਕੀ ਹੈ।ਵਿਸ਼ੂ ਖੇਤੀਆ ਦੇ ਅਦਾਕਾਰੀ ਖੇਤਰ ’ਚ ਪਾਏ ਵਧੀਆ ਯੋਗਦਾਨ ਨੂੰ ਦੇਖਦੇ ਹੋਏ ਜਿੱਥੇ ਕਈ ਕਲੱਬਾਂ ਵੱਲੋਂ ਸਨਮਾਨਿਤ ਕੀਤਾ ਗਿਆ ਹੈ, ਉੱਥੇ ਸੁਰਤਾਲ ਕਲੱਬ ਰਾਏਕੋਟ ਵੱਲੋਂ 2019 ’ਚ ਗ੍ਰੇਟ ਪਰਸਨੈਲਿਟੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ।

ਰਘਵੀਰ ਸਿੰਘ ਜੱਗਾ
90657-00091