ਭੰਗਾਲਾ, 17 ਮਈ : ਬੀਤੇ ਦਿਨ ਮੁਕੇਰੀਆਂ ਦੇ ਕਸਬਾ ਭੰਗਾਲਾ ਦੇ ਬਸ ਸਟੈਂਡ ਵਿਖੇ ਹੋਈ ਲੜਾਈ ਚ ਇਕ ਨੌਜਵਾਨ ਦੀ ਮੌਤ ਹੋ ਜਾਣ ਦੀ ਖਬਰ ਸਾਹਮਣੇ ਆਈ ਹੈ। ਜਿਸ ਤੋਂ ਬਾਅਦ ਮੁਕੇਰੀਆਂ ਪੁਲਿਸ ਨੇ 4 ਨੌਜਵਾਨਾਂ ਨੂੰ ਨਾਮਜ਼ਦ ਕਰ ਕੁੱਲ 7 ਵਿਅਕਤੀਆਂ ਖਿਲਾਫ ਵੱਖ ਵੱਖ ਧਾਰਾਵਾਂ ਅਧੀਨ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦਿਆਂ ਪਾਰਸ ਆਨੰਦ ਪੁੱਤਰ ਅਸ਼ੋਕ ਕੁਮਾਰ ਵਾਸੀ ਪਿੰਡ ਨਵਾਂ ਭੰਗਾਲਾ ਨੇ ਦੱਸਿਆ ਕਿ ਉਸਦਾ ਛੋਟਾ ਭਰਾ ਗੌਰਵ ਆਨੰਦ ਜਿਸਦੀ ਉਮਰ ਮਹਿਜ਼ 21 ਸਾਲ ਦੀ ਹੈ, ਆਪਣੇ ਦੋਸਤਾਂ ਨਾਲ ਅਲਟੋ ਕਾਰ ਚ ਸਵਾਰ ਹੋ ਕੇ ਬਸ ਸਟੈਂਡ ਭੰਗਾਲਾ ਵਿਖੇ ਕੁਝ ਖਾਣ ਲਈ ਗਿਆ ਸੀ ਤੇ ਇਸ ਦੌਰਾਨ ਉਥੇ ਮੌਜੂਦ ਨੌਜਵਾਨ ਚਕਸੂ ਪੁੱਤਰ ਮਨੋਜ ਕੁਮਾਰ, ਅਕਾਸ਼ ਉਰਫ ਘੋਗਾ, ਸੂਰਜ ਪੁੱਤਰ ਰਾਜ ਕੁਮਾਰ ਅਤੇ ਨਿਖਿਲ ਪੁੱਤਰ ਰਣਜੀਤ ਸਿੰਘ ਸਮੇਤ ਹੋਰ 3 ਅਭਪਛਾਤੇ ਨੌਜਵਾਨਾਂ ਨੇ ਪਹਿਲਾਂ ਗੱਡੀ ਦੇ ਸ਼ੀਸ਼ੇ ਭੰਨੇ ਤੇ ਜਦੋਂ ਗੌਰਵ ਗੱਡੀ ਅਤੇ ਉਸਦੇ ਦੋਸਤ ਗੱਡੀ ਚੋਂ ਬਾਹਰ ਆਏ ਤਾਂ ਉਕਤ ਹਮਲਾਵਰਾਂ ਨੇ ਗੌਰਵ ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਤੇ ਉਸਨੂੰ ਗੰਭੀਰ ਜ਼ਖਮੀ ਕਰ ਦਿੱਤਾ ਜਿਸ ਨੂੰ ਤੁਰੰਤ ਮੁਕੇਰੀਆਂ ਸਿਵਲ ਹਸਪਤਾਲ ਲਿਆਂਦਾ ਗਿਆ ਜਿਥੋਂ ਕਿ ਉਸਦੀ ਹਾਲਤ ਨੂੰ ਨਾਜ਼ੁਕ ਦੇਖਦਿਆਂ ਹੋਇਆਂ ਉਸਨੂੰ ਹੋਰ ਹਸਪਤਾਲ ਚ ਰੈਫਰ ਕਰ ਦਿੱਤਾ ਜਿਥੇ ਕਿ ਜ਼ਖਮਾਂ ਦੀ ਤਾਬ ਨਾ ਝਲਦਿਆਂ ਹੋਇਆਂ ਗੌਰਵ ਦੀ ਮੌਤ ਹੋ ਗਈ। ਮੌਤ ਤੋਂ ਬਾਅਦ ਗੁੱਸੇ ਚ ਆਏ ਪਰਿਵਾਰ ਅਤੇ ਪਿੰਡ ਵਾਸੀਆਂ ਨੇ ਲਾਸ਼ ਸੜਕ ਤੇ ਰੱਖ ਕੇ ਜਾਮ ਲਾ ਦਿੱਤਾ ਜਿਨ੍ਹਾਂ ਨੂੰ ਪੁਲਿਸ ਦੇ ਆਲ੍ਹਾ ਅਧਿਕਾਰੀਆਂ ਵਲੋਂ ਉਚਿਤ ਕਾਰਵਾਈ ਦਾ ਭਰੋਸਾ ਦੇ ਕੇ ਜਾਮ ਖੁਲ੍ਹਵਾਇਆ ਗਿਆ।