ਹੁਸ਼ਿਆਰਪੁਰ, 11 ਅਪ੍ਰੈਲ : ਹੁਸ਼ਿਆਰਪੁਰ ਦੇ ਸ਼ਹਿਰ ਦਸੂਹਾ ਅਧੀਨ ਪੈਂਦੇ ਮੀਆਂ ਪਿੰਡ ਦੇ ਨੌਜਵਾਨ ਨੇ ਅਪਣੀ ਪਤਨੀ ਤੋਂ ਤੰਗ ਆਕੇ ਅਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਅਮਰਜੀਤ ਦੇ ਘਰਦਿਆਂ ਨੇ ਆਰੋਪ ਲਗਾਉਂਦਿਆਂ ਕਿਹਾ ਕਿ ਅਮਰਜੀਤ ਦੀ ਪਤਨੀ ਨੇ ਝੂਠੀ ਮੈਡੀਕਲ ਰਿਪੋਰਟ ਬਣਵਾ ਕੇ ਖ਼ੁਦਕੁਸ਼ੀ ਕਰਨ ਲਈ ਮਜਬੂਰ ਕੀਤਾ ਹੈ। ਘਰਦਿਆਂ ਨੇ ਆਰੋਪ ਲਗਾਉਂਦਿਆਂ ਕਿਹਾ ਕਿ ਝੂਠੀ ਮੈਡੀਕਲ ਰਿਪੋਰਟ ਕਰਕੇ ਹੀ ਅਮਰਜੀਤ ਸਿੰਘ ਨੇ ਖੁਦਕੁਸ਼ੀ ਕੀਤੀ ਹੈ। ਘਰਦਿਆਂ ਅਨੁਸਾਰ ਇਲਾਜ਼ ਦੌਰਾਨ ਅਮਰਜੀਤ ਸਿੰਘ ਨੇ ਹਸਪਤਾਲ ਵਿਚ ਮੋਬਾਇਲ ਫੋਨ ਤੇ ਅਪਣੀ ਵੀਡਿਓ ਬਣਾਕੇ ਆਪਣੇ ਬਿਆਨਾਂ ਵਿਚ ਅਪਣੀ ਮੌਤ ਦਾ ਜ਼ਿੰਮੇਵਾਰ ਅਪਣੀ ਪਤਨੀ ਨੂੰ ਦਸਿਆ ਹੈ। ਪਰਿਵਾਰ ਨੇ ਦੁਖੀ ਮਨ ਨਾਲ ਦੱਸਿਆ ਕਿ ਅੰਤਰਪ੍ਰੀਤ ਨੇ ਵਿਆਹ ਤੋਂ ਪਹਿਲਾਂ ਆਪਣੇ ਆਪ ਨੂੰ ਇਕ ਐਨ ਆਰ ਆਈ ਦਸਿਆ ਸੀ। ਉਨਾਂ ਕਿਹਾ ਕਿ ਅੰਤਰਪ੍ਰੀਤ ਨੇ ਦੋ ਵਿਆਹ ਪਹਿਲਾਂ ਵੀ ਕਰਵਾਏ ਸਨ ਅਤੇ ਪੈਸੇ ਲੈ ਕੇ ਤਲਾਕ ਲੈ ਲੈਂਦੀ ਸੀ। ਜਿਸ ਦੀ ਜਾਣਕਾਰੀ ਅਮਰਜੀਤ ਸਿੰਘ ਨੂੰ ਆਪਣੇ ਵਿਆਹ ਤੋਂ ਬਾਅਦ ਮਿਲ਼ੀ ਪਰ ਫਿਰ ਵੀ ਪਰਿਵਾਰ ਨੇ ਸਮਝੌਤਾ ਕਰ ਲਿਆ। ਮ੍ਰਿਤਕ ਦੇ ਪਿਤਾ ਭੁਪਿੰਦਰ ਸਿੰਘ ਨੇ ਦੱਸਿਆ ਕਿ ਅਖੀਰ ਤਾਂ ਉਦੋਂ ਹੋ ਗਈ ਜਦੋਂ ਸਾਡੀ ਨੂੰਹ ਦਸੂਹਾ ਦੇ ਇੱਕ ਕਲਿਨਿਕ ਤੋਂ ਮਾਂ ਬਣਨ ਦੀ ਝੂਠੀ ਰਿਪੋਰਟ ਬਣਵਾ ਕੇ ਲੈ ਆਈ ਅਤੇ ਅਮਰਜੀਤ ਸਿੰਘ ਨੂੰ ਕਹਿਣ ਲੱਗੀ ਕਿ ਮੈਂ ਤੇਰੇ ਬੱਚੇ ਦੀ ਮਾਂ ਬਣਨ ਵਾਲੀ ਹਾਂ। ਇਹ ਗੱਲ ਸੁਣ ਅਮਰਜੀਤ ਸਿੰਘ ਦੇ ਹੋਸ਼ ਉੱਡ ਗਏ ਕਿਉਂਕਿ ਪਿਛਲੇ ਇਕ ਸਾਲ ਤੋਂ ਅਮਰਜੀਤ ਸਿੰਘ ਆਪਣੀ ਪਤਨੀ ਦੇ ਰਿਲੇਸ਼ਨ ਵਿਚ ਨਹੀਂ ਸੀ।
ਘਰਦਿਆਂ ਨੇ ਕਿਹਾ ਕਿ ਸਾਡਾ ਲੜਕਾ ਇਹ ਬੇਜ਼ਤੀ ਨਹੀਂ ਝਲ ਸਕਿਆ ਤੇ ਆਪਣੀ ਪਤਨੀ ਵਲੋਂ ਵਾਰ-ਵਾਰ ਬਲੈਕ ਮੇਲਿੰਗ ਤੋਂ ਤੰਗ ਆਕੇ ਉਸ ਨੇ ਜ਼ਹਰ ਨਿਗਲ਼ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਦਸੂਹਾ ਪੁਲਿਸ ਨੇ ਇੱਕ ਵਾਰ ਵੀ ਆਕੇ ਪਰਿਵਾਰ ਦੀ ਸੁਧ ਨਹੀਂ ਲਈ। ਉਨ੍ਹਾਂ ਨੇ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕੀਤੀ ਤੇ ਦੋਸ਼ੀਆਂ ਖਿਲਾਫ ਕਾਰਵਾਈ ਕਰਨ ਦੀ ਅਪੀਲ ਕੀਤੀ।