- ਸਕੀਮ ਦਾ ਲਾਭ ਲੈਣ ਲਈ ਆਸ਼ੀਰਵਾਦ ਦੇ ਆਨ ਲਾਇਨ ਪੋਰਟਲ https://ashirwad.punjab.gov.in ਤੇ ਕੀਤਾ ਜਾ ਸਕਦੈ ਅਪਲਾਈ
ਕਪੂਰਥਲਾ , 16 ਅਪ੍ਰੈਲ : ਪੰਜਾਬ ਸਰਕਾਰ ਦੇ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਵਿਭਾਗ ਵੱਲੋਂ ਅਨੁਸੂਚਿਤ ਜਾਤੀ ਅਤੇ ਹੋਰ ਵਰਗਾਂ ਦੇ ਪਰਿਵਾਰਾਂ ਦੀ ਲੜਕੀ ਦੀ ਸ਼ਾਦੀ ਮੌਕੇ ਆਸ਼ੀਰਵਾਦ ਸਕੀਮ ਤਹਿਤ ਦਿੱਤੇ ਜਾਣ ਵਾਲੇ 51,000/-ਰੁਪਏ ਦਾ ਲਾਭ ਲੈਣ ਲਈ ਹੁਣ ਆਨ ਲਾਈਨ ਅਪਲਾਈ ਕੀਤਾ ਜਾ ਸਕਦਾ ਹੈ। ਡਿਪਟੀ ਕਮਿਸ਼ਨਰ ਸ੍ਰੀ ਵਿਸ਼ੇਸ਼ ਸਾਰੰਗਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਕੀਮ ਨੂੰ ਹੋਰ ਪਾਰਦਰਸ਼ੀ ਬਣਾਉਣ ਤੇ ਅਪਲਾਈ ਕਰਨ ਲਈ ਦਫ਼ਤਰਾਂ ਵਿੱਚ ਹੁੰਦੀ ਖੱਜਲ ਖੁਆਰੀ ਨੂੰ ਰੋਕਣ ਲਈ ਇਹ ਸਹੂਲਤ ਦਿੱਤੀ ਗਈ ਹੈ । ਲਾਭਪਾਤਰੀ ਆਪਣੀ ਪ੍ਰਤੀ ਬੇਨਤੀ ਅਸ਼ੀਰਵਾਦ ਸਕੀਮ ਦੇ ਆਨ ਲਾਇਨ ਪੋਰਟਲ https://ashirwad.punjab.gov.in ਤੇ ਅਪਲੋਡ ਕਰ ਸਕਦੇ ਹਨ। ਇਸ ਸਕੀਮ ਦਾ ਲਾਭ ਲੈਣ ਲਈ ਲਾਭਪਾਤਰੀ ਨੂੰ ਆਪਣੀ ਬੇਟੀ ਦੀ ਸ਼ਾਦੀ ਦੀ ਤਾਰੀਕ ਤੋਂ ਪਹਿਲਾਂ ਜਾਂ ਵਿਆਹ ਤੋਂ 30 ਦਿਨ ਦੇ ਅੰਦਰ-ਅੰਦਰ ਆਪਣੀ ਦਰਖਾਸਤ ਨਿਰਧਾਰਤ ਪ੍ਰੋਫਾਰਮੇ ਵਿੱਚ ਭਰ ਕੇ ਜਮ੍ਹਾਂ ਕਰਵਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਸ ਤਰ੍ਹਾਂ ਜਿਥੇ ਲਾਭਪਾਤਰੀ ਦੇ ਸਮੇਂ ਦੀ ਬੱਚਤ ਹੋਵੇਗੀ ਉਥੇ ਹੀ ਦਫਤਰਾਂ ਵਿੱਚ ਹੁੰਦੀ ਖੱਜਲ ਖੁਆਰੀ ਨੂੰ ਵੀ ਠੱਲ ਪਾਈ ਜਾ ਸਕੇਗੀ । ਸਕੀਮ ਦਾ ਲਾਭ ਲੈਣ ਲਈ ਲੜਕੀ ਦੇ ਮਾਪੇ / ਸਰਪ੍ਰਸਤ ਪੰਜਾਬ ਰਾਜ ਦੇ ਪੱਕੇ ਵਸਨੀਕ ਹੋਣੇ ਚਾਹੀਦੇ ਹਨ ਅਤੇ ਲੜਕੀ ਦੀ ਉਮਰ 18 ਸਾਲ ਤੋਂ ਵੱਧ ਹੋਣੀ ਚਾਹੀਦੀ ਹੈ।ਬਿਨੈਕਾਰ ਵਿੱਤੀ ਸਹਾਇਤਾ ਦਾ ਲਾਭ ਪ੍ਰਾਪਤ ਕਰਨ ਲਈ ਆਪਣੀ ਲੜਕੀ ਦੇ ਵਿਆਹ ਸਬੰਧੀ ਲੋੜੀਂਦੇ ਦਸਤਾਵੇਜ ਲੜਕੀ ਦੇ ਵਿਆਹ ਦੀ ਤਰੀਕ ਤੋਂ ਪਹਿਲਾਂ ਜਾਂ ਵਿਆਹ ਤੋਂ 30 ਦਿਨ ਦੇ ਅੰਦਰ-ਅੰਦਰ ਨਿਰਧਾਰਤ ਪ੍ਰੋਫਾਰਮੇ ਸਮੇਤ ਆਨ ਲਾਇਨ ਅਪਲੋਡ ਕਰ ਸਕਦਾ ਹੈ।