- ਜ਼ਿਲ੍ਹੇ ਵਿੱਚ 30 ਅਕਤੂਬਰ ਤੋਂ 5 ਨਵੰਬਰ ਤੱਕ ਮਨਾਇਆ ਜਾਵੇਗਾ ਵਿਜੀਲੈਂਸ ਜਾਗਰੂਕਤਾ ਹਫ਼ਤਾ
ਨਵਾਂਸ਼ਹਿਰ, 30 ਅਕਤੂਬਰ : ਵਿਜੀਲੈਂਸ ਵਿਊਰੋ ਯੂਨਿਟ ਸ਼ਹੀਦ ਭਗਤ ਸਿੰਘ ਨਗਰ ਵਲੋਂ 30 ਅਕਤੂਬਰ ਤੋਂ 5 ਨਵੰਬਰ 2023 ਤੱਕ ਵਿਜੀਲੈਂਸ ਜਾਗਰੂਕਤਾ ਹਫ਼ਤਾ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਵਿੱਚ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਭ੍ਰਿਸ਼ਟਾਚਾਰ ਨੂੰ ਰੋਕਣ ਸਬੰਧੀ ਸਹੁੰ ਚੁਕਾਈ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਉਪ ਕਪਤਾਨ ਪੁਲਿਸ ਵਿਜੀਲੈਂਸ ਬਿਊਰੋ ਯੂਨਿਟ ਅਰਮਿੰਦਰ ਸਿੰਘ ਨੇ ਦੱਸਿਆ ਕਿ ਭ੍ਰਿਸ਼ਟਾਚਾਰ ਸਾਡੇ ਦੇਸ਼ ਦੀ ਆਰਥਿਕ, ਰਾਜਨੀਤਿਕ ਅਤੇ ਸਮਾਜਿਕ ਤਰੱਕੀ ਵਿੱਚ ਇੱਕ ਵੱਡੀ ਰੁਕਾਵਟ ਹੈ। ਭ੍ਰਿਸ਼ਟਾਚਾਰ ਦੇ ਖਾਤਮੇ ਲਈ ਸਰਕਾਰ, ਨਾਗਰਿਕ ਅਤੇ ਨਿੱਜੀ ਖੇਤਰ ਵਿੱਚ ਸਾਰਿਆਂ ਨੂੰ ਮਿਲ ਕੇ ਕੰਮ ਦੀ ਲੋੜ ਹੈ। ਇਸ ਦੌਰਾਨ ਭ੍ਰਿਸ਼ਟਾਚਾਰ ਨੂੰ ਰੋਕਣ ਸਬੰਧੀ ਵੱਖ-ਵੱਖ ਵਿਭਾਗਾਂ ਦੇ ਸਮੂਹ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਇਮਾਨਦਾਰੀ ਨਾਲ ਕੰਮ ਕਰਨ, ਰਿਸ਼ਵਤ ਦੀ ਪੇਸ਼ਕਸ਼ ਜਾਂ ਸਵੀਕਾਰ ਨਾ ਕਰਨ, ਪਾਰਦਰਸ਼ਤਾ, ਜਵਾਬਦੇਹੀ ਤੇ ਅਧਾਰਿਤ ਚੰਗੇ ਕਾਰਪੋਰੇਟ ਗਵਰਨੈਂਸ, ਕਾਨੂੰਨਾਂ ਅਤੇ ਨਿਯਮਾਂ ਅਤੇ ਪਾਲਣਾ ਸਮੇਤ ਅਧਿਕਾਰਾਂ ਅਤੇ ਹਿੱਤਾਂ ਦੀ ਰੱਖਿਆ ਸਬੰਧੀ ਸਹੁੰ ਚੁਕਾਈ ਗਈ। ਇਸ ਮੌਕੇ ‘ਤੇ ਇੰਸਪੈਕਟਰ ਚਮਕੌਰ ਸਿੰਘ, ਏ.ਐਸ.ਆਈ ਅਵਤਾਰ ਚੰਦ, ਏ ਐਸ ਆਈ ਕੁਲਵਿੰਦਰ ਸਿੰਘ, ਏ ਐਸ ਆਈ ਅਮਰਜੀਤ ਸਿੰਘ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਕਰਮਚਾਰੀ ਮੌਜੂਦ ਸਨ।