- 200 ਤੋਂ ਵੱਧ ਕਿਸਾਨ ਬਿਨਾਂ ਪ੍ਰੇਸ਼ਾਨੀ ਫ਼ਸਲਾਂ ਨੂੰ ਲਗਾ ਸਕਣਗੇ ਪਾਣੀ
- ਸੰਤ ਸੀਚੇਵਾਲ ਤੇ ਕ੍ਰਿਕਟਰ ਹਰਭਜਨ ਸਿੰਘ ਭੱਜੀ ਦੀ ਸਹਾਇਤਾ ਨਾਲ ਪ੍ਰੋਜੈਕਟ ਹੋਇਆ ਮੁਕੰਮਲ
- ਸ਼ਹਿਰ ਦਾ ਗੰਦਾ ਪਾਣੀ ਪਵਿੱਤਰ ਬਾਉਲੀ ਸਾਹਿਬ ਦੇ ਜਲ ਨੂੰ ਕਰ ਰਿਹਾ ਸੀ ਦੂਸ਼ਿਤ
ਸੁਲਤਾਨਪੁਰ ਲੋਧੀ, 30 ਅਪ੍ਰੈਲ : ਗੋਇੰਦਵਾਲ ਸਾਹਿਬ ਦੀ ਇਤਿਹਾਸਕ ਬਾਉਲੀ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਬਣਾਏ ਗਏ ਟਰੀਟਮੈਂਟ ਪਲਾਂਟ ਦਾ ਸੋਧਿਆ ਹੋਏ ਪਾਣੀ ਨਾਲ 500 ਏਕੜ ਜ਼ਮੀਨ ਦੀ ਸਿੰਚਾਈ ਹੋ ਸਕੇਗੀ। ਇਸ ਪ੍ਰੋਜੈਕਟ ਦੀ ਦੇਖ ਰੇਖ ਕਰ ਰਹੇ ਸੰਤ ਸੁਖਜੀਤ ਸਿੰਘ ਨੇ ਗੱਲਬਾਤ ਦੌਰਾਨ ਦੱਸਿਆ ਕਿ ਪਵਿੱਤਰ ਬਾਉਲੀ ਨੂੰ ਪ੍ਰਦੂਸ਼ਿਤ ਮੁਕਤ ਕਰਨ ਲਈ ਬਣਾਏ ਗਏ ਟਰੀਟਮੈਂਟ ਪਲਾਂਟ ਤੋਂ ਦਾ ਸੋਧਿਆ ਹੋਇਆ ਪਾਣੀ ਖੇਤੀ ਲਈ ਵਰਤੇ ਜਾਣ ਵਾਸਤੇ ਪਾਈਪ ਲਾਈਨ ਪਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਵਾਤਾਵਰਣ ਪ੍ਰੇਮੀ ਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਦੇ ਯਤਨਾਂ ਸਦਕਾ ਬਣਾਏ ਗਏ ਟਰੀਟਮੈਂਟ ਪਲਾਂਟ ਵਿੱਚ ਐਮ.ਪੀ ਰਾਜ ਸਭਾ ਤੇ ਕ੍ਰਿਕਟਰ ਹਰਭਜਨ ਸਿੰਘ ਭੱਜੀ ਨੇ ਵੀ 21 ਲੱਖ 54 ਹਾਜ਼ਾਰ ਦੀ ਗਰਾਂਟ ਦਿੱਤੀ ਸੀ। ਉਹਨਾਂ ਦੱਸਿਆ ਕਿ ਇਸ ਕਾਰਸੇਵਾ ਵਿੱਚ ਸੰਗਤਾਂ ਨੇ ਵੱਧ ਚੜ੍ਹ ਕੇ ਸਹਿਯੋਗ ਦਿੱਤਾ ਹੈ। ਸੰਤ ਸੁਖਜੀਤ ਸਿੰਘ ਨੇ ਦੱਸਿਆ ਕਿ ਟਰੀਟਮੈਂਟ ਪਲਾਂਟ ਦਾ ਸੋਧਿਆ ਹੋਇਆ ਪਾਣੀ ਖੇਤਾਂ ਤੱਕ ਪਹੁੰਚਦਾ ਕਰਨ ਲਈ ਲਈ 2 ਕਿਲੋਮੀਟਰ ਲੰਮੀ ਪਾਈਪ ਲਾਈਨ ਪਾਈ ਜਾ ਰਹੀ ਹੈ ਜਿਸ ਨਾਲ ਕਰੀਬ 300 ਤੋਂ 500 ਏਕੜ ਤੱਕ ਜ਼ਮੀਨ ਨੂੰ ਇਹ ਪਾਣੀ ਲੱਗ ਸਕੇਗਾ। ਉਨ੍ਹਾ ਦੱਸਿਆ ਕਿ ਇਸ ਨਾਲ 200 ਤੋਂ ਵੱਧ ਕਿਸਾਨ ਬਿਨਾਂ ਕਿਸੇ ਪ੍ਰੇਸ਼ਾਨੀ ਦੇ ਆਪਣੀਆਂ ਫ਼ਸਲਾਂ ਨੂੰ ਪਾਣੀ ਲਗਾ ਸਕਣਗੇ। ਉਨ੍ਹਾਂ ਦੱਸਿਆ ਕਿ ਪਹਿਲੇ ਪੜਾਅ ਵਿੱਚ 300 ਏਕੜ ਜ਼ਮੀਨ ਨੂੂੰ ਇਹ ਪਾਣੀ ਸਪਲਾਈ ਕੀਤਾ ਜਾਵੇਗਾ। ਪਾਇਪ ਲਾਈਨ ਵਿੱਚੋਂ ਹੋਰ ਮੋਘੇ ਰੱਖਣ ਦਾ ਬਦਲਵਾ ਪ੍ਰਬੰਧ ਕੀਤਾ ਗਿਆ ਹੈ ਜਿਸ ਨਾਲ 500 ਏਕੜ ਤੱਕ ਇਸ ਪਾਣੀ ਨਾਲ ਸਿੰਚਾਈ ਹੋ ਸਕੇਗੀ। ਸੰਤ ਸੁਖਜੀਤ ਸਿੰਘ ਨੇ ਦੱਸਿਆ ਕਿ ਸ਼੍ਰੀ ਗੋਇੰਦਵਾਲ ਸਾਹਿਬ ਦਾ ਇਹ ਪ੍ਰੋਜੈਕਟ ਸੀਚੇਵਾਲ ਮਾਡਲ ‘ਤੇ ਆਧਾਰਿਤ ਹੈ। ਇਸ ਤਕਨੀਕ ਨਾਲ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਦੇ ਨਾਲ-ਨਾਲ ਬਿਜਲੀ ਦੀ ਬੱਚਤ ਵੀ ਹੋਵੇਗੀ। ਕਿਸਾਨਾਂ ਨੂੰ ਖੇਤਾਂ ਵਿੱਚ ਖਾਦ ਘੱਟ ਵਰਤਣੀ ਪਵੇਗੀ। ਗੋਇੰਦਵਾਲ ਸਾਹਿਬ ਦੇ ਗੁਰਦੁਆਰਾ ‘ਸ੍ਰੀ ਬਾਉਲੀ ਸਾਹਿਬ’ ਸਿੱਖ ਜਗਤ ਲਈ ਬਹੁਤ ਹੀ ਮਹੱਤਵਪੂਰਨ ਧਾਰਮਿਕ ਅਸਥਾਨ ਹੈ। ਉਨ੍ਹਾਂ ਦੱਸਿਆ ਕਿ ਪਰ ਪਿਛਲੇ ਕਈ ਸਾਲਾਂ ਤੋਂ ਇਸ ਸ਼ਹਿਰ ਦਾ ਗੰਦਾ ਪਾਣੀ ਬਿਆਸ ਦਰਿਆ ਦੇ ਪੁਰਾਤਣ ਵਹਿਣ ਵਿਚ ਪੈਣ ਕਾਰਨ ਪਵਿੱਤਰ ਬਾਉਲੀ ਸਾਹਿਬ ਦਾ ਜਲ ਵੀ ਦੂਸ਼ਿਤ ਹੋ ਰਿਹਾ ਸੀ। ਬਾਉਲੀ ਸਾਹਿਬ ਦੇ ਦੂਸ਼ਿਤ ਪਾਣੀ ਕਾਰਨ ਸੰਗਤਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਭਾਰੀ ਠੇਸ ਪਹੁੰਚ ਰਹੀ ਸੀ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਜੂਨ 2022 ਵਿੱਚ ਇਲਾਕੇ ਦੇ ਮਹਾਂਪੁਰਸ਼ਾਂ ਤੇ ਸੰਗਤਾਂ ਨਾਲ ਮਿਲਕੇ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਦੀ ਅਗਵਾਈ ਹੇਠ ਇਹ ਕਾਰ ਸੇਵਾ ਸ਼ੁਰੂ ਕੀਤੀ ਗਈ ਸੀ।