11ਵੇਂ ਜਸਪਾਲ ਭੱਟੀ ਐਵਾਰਡ ‘ਚ ਗਾਇਕ ਸਰਬਜੀਤ ਚੀਮਾ ਨੂੰ ਲਾਈਫ਼ ਟਾਈਮ ਅਚੀਵਮੈਂਟ ਐਵਾਰਡ ਦਿੱਤਾ ਜਾਵੇਗਾ  

ਜਲੰਧਰ, 19 ਫਰਵਰੀ : ਈਡੀਅਟ ਕਲੱਬ ਪੰਜਾਬ ਵਲੋਂ 11ਵਾਂ ਜਸਪਾਲ ਭੱਟੀ ਐਵਾਰਡ 22 ਫਰਵਰੀ ਨੂੰ ਕਰਵਾਇਆ ਜਾ ਰਿਹਾ ਹੈ, ਜਿਸ ਵਿਚ ਵੱਖ-ਵੱਖ ਖੇਤਰਾਂ ਵਿਚ ਮੱਲਾਂ ਮਾਰਨ ਵਾਲੇ ਵਿਅਕਤੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ। ਇਹ ਜਾਣਕਾਰੀ ਦਿੰਦਿਆਂ ਕਲੱਬ ਦੇ ਪ੍ਰਧਾਨ ਅਤੇ ਫ਼ਿਲਮੀ ਅਦਾਕਾਰ ਡਾ. ਰਾਜਿੰਦਰ ਰਿਖੀ ਅਤੇ ਸੀਨੀਅਰ ਮੀਤ ਪ੍ਰਧਾਨ ਧਵਨੀ ਮਹਿਰਾ ਨੇ ਦੱਸਿਆ ਕਿ ਇਸ ਵਾਰ ਲਾਈਫ਼ ਟਾਈਮ ਅਚੀਵਮੈਂਟ ਐਵਾਰਡ ਪ੍ਰਸਿੱਧ ਪੰਜਾਬੀ ਗਾਇਕ ਅਤੇ ਅਦਾਕਾਰ ਸਰਬਜੀਤ ਚੀਮਾ, ਸਰਵੋਤਮ ਹਾਸ ਵਿਅੰਗਕਾਰ ਸ਼ੁਗਲੀ ਜੁਗਲੀ ਜੋੜੀ, ਕਲਮ ਦਾ ਧਨੀ ਪ੍ਰਸਿੱਧ ਲੇਖਕ ਬਲਬੀਰ ਪਰਵਾਨਾ, ਮੋਸਟ ਵੈਲਿਊਏਬਲ ਪਲੇਅਰ ਹਾਕੀ ਖਿਡਾਰੀ ਤੇਜਬੀਰ ਸਿੰਘ ਹੁੰਦਲ ਪੀਪੀਐਸ, ਹੱਸਦਾ ਮੁਖੜਾ ਹਿਮਾਚਲ ਪ੍ਰਦੇਸ਼ ਤੋਂ ਸ਼ਿਵਾਨੀ ਕੌਸ਼ਲ, ਹਰਫ਼ਨਮੌਲਾ ਅਦਾਕਾਰ ਸੁਦੇਸ਼ ਵਿੰਕਲ, ਆਊਟਸਟੈਂਡਿੰਗ ਅਚੀਵਰ ਯਾਕੂਬ ਅਤੇ ਮਸਖ਼ਰੇ ਪੰਜਾਬ ਦੇ ਐਵਾਰਡ ਟਵਿਨ ਬ੍ਰਦਰਜ਼ ਨੂੰ ਦਿੱਤਾ ਜਾ ਰਿਹਾ ਹੈ। ਰਿਖੀ ਨੇ ਦੱਸਿਆ ਕਿ ਹਰ ਸਾਲ ਵੱਖ-ਵੱਖ ਖੇਤਰਾਂ ਵਿਚ ਮੱਲਾਂ ਮਾਰਨ ਵਾਲੇ ਵਿਅਕਤੀਆਂ ਨੂੰ ਕਲੱਬ ਵੱਲੋਂ ਐਵਾਰਡ ਦੇ ਕੇ ਸਨਮਾਨਿਤ ਕੀਤਾ ਜਾਂਦਾ ਹੈ। ਉਹਨਾਂ ਦੱਸਿਆ ਕਿ ਇਹ ਸਾਰਾ ਐਵਾਰਡ ਸਮਾਰੋਹ ਪੰਜਾਬ ਨਾਟਸ਼ਾਲਾ ਅੰਮ੍ਰਿਤਸਰ ਦੇ ਜਤਿੰਦਰ ਬਰਾੜ, ਕਲੱਬ ਦੇ ਪੈਟਰਨ ਸ਼ੰਮੀ ਚੌਧਰੀ ਦੀ ਦੇਖਰੇਖ ਹੇਠ ਕਰਵਾਇਆ ਜਾਂਦਾ ਹੈ। ਇਸ ਮੌਕੇ ਖਿਯਾਤੀ ਮਹਿਰਾ, ਸਰ ਡਾਂਸ ਅਕੈਡਮੀ, ਨਵੀਨ ਬਜਾਜ ਅਟ ਸਵਪਨ ਰਾਣੂ ਵੱਲੋਂ ਆਪਣੀ ਕਲਾ ਦੇ ਜੌਹਰ ਦਿਖਾਏ ਜਾਣਗੇ। ਪ੍ਰੋਗਰਾਮ ਪ੍ਰਸਿੱਧ ਕਮੇਡੀਅਨ ਕਵਲਜੀਤ ਸਿੰਘ ਇਸ ਐਵਾਰਡ ਸਮਾਰੋਹ ਦਾ ਸੰਚਾਲਨ ਕਰਨਗੇ। ਇਸ ਮੌਕੇ ਫ਼ਿਲਮੀ ਅਦਾਕਾਰ ਅਰਵਿੰਦਰ ਭੱਟੀ, ਡਾ.ਕੇ.ਐਸ ਪਾਰਸ, ਹਰਿੰਦਰਪਾਲ ਸਿੰਘ ਟਿੱਕਾ ਨੌਰਵੇ, ਕੁਲਵਿੰਦਰ ਸਿੰਘ ਬੁੱਟਰ, ਦੀਪਕ ਮਹਿਰਾ, ਸੰਜੀਵ ਭੰਡਾਰੀ, ਸ਼ਿਵਰਾਜ ਸਿੰਘ, ਦਵਿੰਦਰ ਭੰਗੂ ਅਤੇ ਹੋਰ ਮੈਂਬਰ ਵੀ ਹਾਜ਼ਰ ਸਨ।