ਐਸ. ਸੀ ਸਿਖਿਆਰਥੀਆਂ ਲਈ ਡੇਅਰੀ ਸਿਖਲਾਈ ਕੋਰਸ ਦਾ ਪਹਿਲਾ ਬੈਚ 15 ਜੁਲਾਈ ਤੋਂ

ਹੁਸ਼ਿਆਰਪੁਰ, 3 ਜੁਲਾਈ 2024 : ਡੇਅਰੀ ਵਿਕਾਸ ਵਿਭਾਗ, ਪੰਜਾਬ ਵੱਲੋਂ ਐਸ. ਸੀ ਸਿਖਿਆਰਥੀਆਂ ਲਈ ਮਫ਼ਤ ਡੇਅਰੀ ਸਿਖਲਾਈ ਕੋਰਸ 15 ਜੁਲਾਈ, 2024 ਤੋਂ ਡੇਅਰੀ ਸਿਖਲਾਈ ਕੇਂਦਰ ਫਗਵਾੜਾ ਵਿਖੇ ਚਲਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਯੁਕਤ ਡਾਇਰੈਕਟਰ ਕਸ਼ਮੀਰ ਸਿੰਘ ਨੇ ਦੱਸਿਆ ਕਿ ਇਸ ਸਿਖਲਾਈ ਦੌਰਾਨ ਸਿਖਿਆਰਥੀਆਂ ਨੂੰ 3500 ਰੁਪਏ ਵਜੀਫਾ ਵੀ ਦਿੱਤਾ ਜਾਵੇਗਾ। ਇਸ ਸਿਖਲਾਈ ਪ੍ਰੋਗਰਾਮ ਵਿਚ ਦੁਧਾਰੂ ਪਸ਼ੂਆਂ ਦੀ ਖਰੀਦ ਤੋਂ ਲੈ ਕੇ ਰੱਖ-ਰਖਾਅ, ਖਾਧ ਖੁਰਾਕ, ਨਸਲ ਸੁਧਾਰ, ਸਾਂਭ-ਸੰਭਾਲ ਅਤੇ ਸੁਚੱਜੇ ਮੰਡੀਕਰਨ ਦੀਆਂ ਨਵੀਨਤਮ ਤਕਨੀਕਾਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਇਨ੍ਹਾਂ ਸਿਖਿਆਰਥੀਆਂ ਦੀ ਚੋਣ ਜ਼ਿਲ੍ਹਾ ਲੈਵਲ ਕਮੇਟੀ ਵੱਲੋਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਸੰਬੰਧੀ ਅਨੁਸੂਚਿਤ ਜਾਤੀ ਦੇ ਵਿਅਕਤੀ (ਮਰਦ/ਔਰਤ) ਜਿਨ੍ਹਾਂ ਦੀ ਉਮਰ 18 ਤੋਂ 50 ਸਾਲ ਦੇ ਵਿਚ ਹੋਵੇ, ਪੰਜਵੀਂ ਪਾਸ ਹੋਵੇ, ਪੇਂਡੂ ਪਿਛੋਕੜ ਨਾਲ ਸਬੰਧ ਰੱਖਦਾ ਹੋਵੇ 12 ਜੁਲਾਈ ਤੱਕ ਦਫ਼ਤਰ ਡਿਪਟੀ ਡਾਇਰੈਕਟਰ ਡੇਅਰੀ, ਮਿੰਨੀ ਸਕੱਤਰੇਤ, ਚੌਥੀ ਮੰਜ਼ਿਲ, ਕਮਰਾ ਨੰਬਰ 439 ਵਿਖੇ ਆਪਣਾ ਅਧਾਰ ਕਾਰਡ, ਯੋਗਤਾ ਸਰਟੀਫਿਕੇਟ, ਅਨੁਸੂਚਿਤ ਜਾਤੀ ਸਰਟੀਫਿਕੇਟ ਲੈ ਕੇ ਫਾਰਮ ਭਰ ਸਕਦੇ ਹਨ। ਟ੍ਰੇਨਿੰਗ ਉਪਰੰਤ ਉਮੀਦਵਾਰਾਂ ਨੂੰ 2, 5 ਅਤੇ 10 ਦੁਧਾਰੂ ਪਸ਼ੂਆਂ ਦੀ ਖਰੀਦ ’ਤੇ 33 ਫੀਸਦੀ ਵਿੱਤੀ ਸਹਾਇਤਾ ਦਿੱਤੀ ਜਾਵੇਗੀ। ਵਿਭਾਗ ਵੱਲੋਂ ਐਨ.ਐਲ.ਐਮ ਸਕੀਮ ਅਧੀਨ ਦੁਧਾਰੂ ਪਸ਼ੂਆਂ ਦੇ ਬੀਮੇ ’ਤੇ 70 ਫੀਸਦੀ ਸਬਸਿਡੀ ਦਾ ਪ੍ਰਬੰਧ ਹੈ। ਉਨ੍ਹਾਂ ਕਿਹਾ ਕਿ ਵਧੇਰੇ ਜਾਣਕਾਰੀ ਲਈ ਦਫ਼ਤਰ ਦੇ ਫੋਨ ਨੰਬਰ 01882-220025 ਅਤੇ 98722-77136 ’ਤੇ ਸੰਪਰਕ ਕੀਤਾ ਜਾ ਸਕਦਾ ਹੈ।