ਹੁਸ਼ਿਆਰਪੁਰ, 01 ਮਈ : ਮਜ਼ਦੂਰ ਦਿਵਸ ’ਤੇ ਕੈਬਨਿਟ ਮੰਤਰੀ ਪੰਜਾਬ ਬ੍ਰਮ ਸ਼ੰਕਰ ਜਿੰਪਾ ਵਲੋਂ ਸਥਾਨਕ ਲੇਬਰ ਅੱਡੇ ’ਤੇ ਪਹੁੰਚ ਕੇ ਮਜ਼ਦੂਰਾਂ ਨੂੰ ਮਠਿਆਈ ਖਿਲਾ ਕੇ ਅਤੇ ਉਨ੍ਹਾਂ ਨੂੰ ਟਿਫਨ ਬਾਕਸ ਦੇ ਕੇ ਉਨ੍ਹਾਂ ਨੂੰ ਮਜ਼ਦੂਰ ਦਿਵਸ ਦੀ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਮਜ਼ਦੂਰਾਂ ਨੂੰ ਵੱਖ-ਵੱਖ ਤਰ੍ਹਾਂ ਦੀਆਂ ਭਲਾਈ ਯੋਜਨਾਵਾਂ ਰਾਹੀ. ਸਮਾਜਿਕ ਤੇ ਆਰਥਿਕ ਸਸ਼ਕਤੀਕਰਨ ਲਈ ਵਿਸ਼ੇਸ਼ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਮਜ਼ਦੂਰ ਵਰਗ ਦੇ ਹਿੱਤਾਂ ਲਈ ਸੂਬਾ ਸਰਕਾਰ ਹਮੇਸ਼ਾਂ ਕੰਮ ਕਰ ਰਹੀ ਹੈ ਅਤੇ ਉਨ੍ਹਾਂ ਵਲੋਂ ਹਲਕੇ ਦੇ ਮਜ਼ਦੂਰਾਂ ਦੇ ਹਿੱਤ ਵਿਚ ਕੋਈ ਕਮੀ ਨਹੀਂ ਛੱਡੀ ਜਾਵੇਗੀ। ਇਸ ਦੌਰਾਨ ਉਨ੍ਹਾਂ 2 ਮਿਨਟ ਦਾ ਮੌਨ ਰੱਖ ਕੇ ਸ਼ਿਕਾਗੋ ਦੇ ਸ਼ਹੀਦ ਮਜ਼ਦੂਰਾਂ ਨੂੰ ਯਾਦ ਵੀ ਕੀਤਾ।ਕੈਬਨਿਟ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਸ਼੍ਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਮਜ਼ਦੂਰਾਂ ਦੇ ਵਿਕਾਸ ਨੂੰ ਲੈ ਕੇ ਲਗਾਤਾਰ ਕਾਰਜ ਕਰ ਰਹੀ ਹੈ ਅਤੇ ਉਨ੍ਹਾਂ ਨੂੰ ਹਰ ਬੁਨਿਆਦੀ ਸੁਵਿਧਾ ਦੇਣ ਲਈ ਵਚਨਬੱਧ ਹੈ। ਉਨ੍ਹਾਂ ਹਾਜ਼ਰ ਮਜ਼ਦੂਰਾਂ ਨੂੰ ਉਨ੍ਹਾਂ ਦੇ ਹਿੱਤ ਵਿਚ ਸਰਕਾਰ ਵਲੋਂ ਚਲਾਈਆਂ ਜਾਣ ਵਾਲੀਆਂ ਸਕੀਮਾਂ ਬਾਰੇ ਵੀ ਦੱਸਿਆ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਮਜ਼ਦੂਰ ਵਰਗ ਦੀਆਂ ਮੰਗਾਂ ਨੂੰ ਲੈ ਕੇ ਬਹੁਤ ਗੰਭੀਰਤਾ ਨਾਲ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਅਸੀਂ ਮਿਹਨਤੀ ਲੋਕਾਂ ਨੂੰ ਸਲਾਮ ਕਰਦੇ ਹਾਂ ਕਿਉਂਕਿ ਦੇਸ਼ ਤੇ ਸਮਾਜ ਦੀ ਤਰੱਕੀ ਵਿਚ ਮਜ਼ਦੂਰ ਵਰਗ ਦਾ ਬਹੁਤ ਯੋਗਦਾਨ ਹੁੰਦਾ ਹੈ। ਇਸ ਮੌਕੇ ਮੇਅਰ ਸੁਰਿੰਦਰ ਕੁਮਾਰ, ਸੀਨੀਅਰ ਡਿਪਟੀ ਮੇਅਰ ਪ੍ਰਵੀਨ ਸੈਣੀ, ਡਿਪਟੀ ਮੇਅਰ ਰਣਜੀਤ ਚੌਧਰੀ, ਨਗਰ ਨਿਗਮ ਫਾਈਨਾਂਸ ਕਮੇਟੀ ਦੇ ਚੇਅਰਮੈਨ ਬਲਵਿੰਦਰ ਬਿੰਦੀ, ਕੌਂਸਲਰ ਵਿਜੇ ਅਗਰਵਾਲ, ਪ੍ਰਦੀਪ ਬਿੱਟੂ, ਮੁਖੀ ਰਾਮ, ਬਾਬਾ ਗੁਰਦੇਵ ਸਿੰਘ, ਸਤਵੰਤ ਸਿੰਘ ਸਿਆਨ, ਰਾਜੇਸ਼ਵਰ ਦਿਆਲ ਬੱਬੀ, ਚੰਦਨ ਲੱਕੀ, ਸੋਮਨਾਥ, ਕੁਵਲੰਤ ਸਿੰਘ ਸੈਣੀ, ਸਫ਼ਾਈ ਕਰਮਚਾਰੀ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਕਰਨ ਜੋਤ ਆਦਿਆ ਵੀ ਮੌਜੂਦ ਸਨ।