ਨਵਾਂਸ਼ਹਿਰ, 21 ਫਰਵਰੀ : ਜ਼ਿਲ੍ਹਾ ਮੈਜਿਸਟਰੇਟ ਨਵਜੋਤਪਾਲ ਸਿੰਘ ਰੰਧਾਵਾ, ਆਈ.ਏ.ਐਸ., ਸ਼ਹੀਦ ਭਗਤ ਸਿੰਘ ਨਗਰ ਫੌਜਦਾਰੀ ਜਾਬਤਾ ਸੰਘਤਾ 1973 (1974 ਦਾ ਐਕਟ-2) ਦੀ ਧਾਰਾ 144 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਇੱਕ ਹੁਕਮ ਰਾਹੀਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿੱਚ ਸੜਕਾਂ ਤੇ ਅਵਾਰਾ ਪਸ਼ੂਆਂ ਨੂੰ ਘੁੰਮਣ ਫਿਰਨ ਅਤੇ ਸ਼ਹਿਰਾਂ/ਕਸਬਿਆਂ/ਸੜਕਾਂ ਕਿਨਾਰੇ ਚਰਾਉਣ ‘ਤੇ ਰੋਕ ਲਗਾ ਦਿੱਤੀ ਹੈ। ਉਨ੍ਹਾਂ ਨੇ ਆਪਣੇ ਹੁਕਮ ਵਿੱਚ ਸਪੱਸ਼ਟ ਕੀਤਾ ਹੈ ਕਿ ਗੁਜਰਾਂ/ਵਿਅਕਤੀਆਂ ਵੱਲੋਂ ਭਾਰੀ ਮਾਤਰਾ ਵਿਚ ਗਾਵਾਂ/ਮੱਝਾਂ ਆਦਿ ਲੈ ਕੇ ਉਨ੍ਹਾਂ ਦੇ ਚਾਰੇ ਦੀ ਖਾਤਰ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਸ਼ਹਿਰਾਂ/ਕਸਬਿਆਂ ਅਤੇ ਪਿੰਡਾਂ ਵਿੱਚ ਘੁੰਮਦੇ/ਫਿਰਦੇ ਹਨ ਜੋ ਕਿ ਲੋਕਾਂ ਦੀਆਂ ਫਸਲਾਂ ਅਤੇ ਸੜਕ ਕਿਨਾਰੇ ਲਗਾਏ ਗਏ ਬੂਟਿਆਂ ਨੂੰ ਨੁਕਸਾਨ ਪਹੁੰਚਾਉਂਦੇ ਹਨ। ਜਿਸ ਨਾਲ ਕਿਸਾਨਾਂ ਅਤੇ ਦਰਵਾਹਿਆਂ (ਗੁਜਰਾਂ) ਦਾ ਆਪਸ ਵਿਚ ਤਕਰਾਰ ਹੋਣ ਦਾ ਖਦਸਾ ਬਣ ਜਾਂਦਾ ਹੈ। ਇਸ ਤੋਂ ਇਲਾਵਾ ਟਰੈਫਿਕ ਵਿੱਚ ਰੁਕਾਵਟ ਪੈਦਾ ਹੁੰਦੀ ਹੈ ਅਤੇ ਕਈ ਵਾਰ ਐਕਸੀਡੈਂਟ ਹੋਣ ਕਾਰਨ ਵਹੀਕਲ/ਪਸੂਆਂ ਦਾ ਨੁਕਸਾਨ ਹੋ ਜਾਂਦਾ ਹੈ। ਇਸ ਲਈ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਵਸਨੀਕਾਂ ਦੀਆਂ ਮੁਸ਼ਕਿਲਾਂ, ਸੜਕਾਂ ਤੇ ਅਵਾਰਾ ਪਸ਼ੂਆਂ ਦੇ ਘੁੰਮਣ ਫਿਰਨ/ਚਰਾਉਣ ਅਤੇ ਪਸ਼ੂਆਂ ਵਿਚ ਬਿਮਾਰੀ ਫੈਲਣ ਤੇ ਰੋਕਣ ਦਾ ਉਪਰਾਲਾ ਕਰਨ ਦੀ ਲੋੜ ਨੂੰ ਮੁੱਖ ਰੱਖਦੇ ਹੋਏ ਉਕਤ ਹੁਕਮ ਜਾਰੀ ਕੀਤਾ ਗਿਆ ਹੈ। ਇਹ ਹੁਕਮ 19 ਅਪ੍ਰੈਲ 2024 ਤੱਕ ਲਾਗੂ ਰਹੇਗਾ।