- 10 ਨਵੰਬਰ ਨੂੰ 11 ਵਜੇ ਸ਼ੂਗਰ ਮਿੱਲ ਵਿਖੇ ਚਲਾ ਕੇ ਕੀਤੀ ਜਾਵੇਗੀ ਇਸ ਦੇ ਕਾਰਜ ਪ੍ਰਣਾਲੀ ਦੀ ਜਾਂਚ
ਨਵਾਂਸ਼ਹਿਰ, 30 ਅਕਤੂਬਰ : ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਦੱਸਿਆ ਕਿ ਸ਼ੂਗਰ ਮਿੱਲ ਨਵਾਂਸ਼ਹਿਰ ਵਿਖੇ ਪ੍ਰਦੂਸ਼ਣ ਨੂੰ ਰੋਕਣ ਦੇ ਲਈ ਪ੍ਰਦੂਸ਼ਣ ਰੋਕਥਾਮ ਉਪਾਅ ਯੰਤਰ ਲਗਾਉਣ ਦਾ ਕੰਮ ਪੂਰਾ ਕਰ ਲਿਆ ਗਿਆ ਹੈ। ਇਸ ਸਬੰਧੀ 10 ਨਵੰਬਰ ਨੂੰ ਸ਼ੂਗਰ ਮਿੱਲ ਦਾ ਦੌਰਾ ਕਰਕੇ ਇਸ ਦੇ ਕਾਰਜ ਪ੍ਰਣਾਲੀ ਦੀ ਜਾਂਚ ਕੀਤੀ ਜਾਵੇਗੀ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪਿਛਲੇ ਕਾਫੀ ਸਮੇਂ ਤੋਂ ਸ਼ਹਿਰ ਵਾਸੀਆਂ ਵਲੋਂ ਇਹ ਸ਼ਿਕਾਇਤ ਕੀਤੀ ਜਾ ਰਹੀ ਸੀ ਕਿ ਸ਼ੂਗਰ ਮਿੱਲ ਵਿਚ ਲਗਾਏ ਗਏ ਪਾਵਰ ਪਲਾਂਟ ਤੋਂ ਭਾਰੀ ਮਾਤਰਾਂ ਵਿੱਚ ਪ੍ਰਦੂਸ਼ਣ ਪੈਦਾ ਹੁੰਦਾ ਹੈ ਅਤੇ ਇਸ ਤੋਂ ਨਿਕਲਣ ਵਾਲੀ ਸੁਆਹ ਦੇ ਨਾਲ ਜਿਥੇ ਸਿਹਤ ਸਬੰਧੀ ਪ੍ਰੇਸ਼ਾਨੀਆਂ ਆਉਂਦੀਆਂ ਹਨ, ਉਥੇ ਇਸ ਤੋਂ ਉਡਣ ਵਾਲੀ ਸੁਆਹ ਦੇ ਨਾਲ ਕੱਪੜੇ ਅਤੇ ਹੋਰ ਕੀਮਤੀ ਸਮਾਨ ਵੀ ਖਰਾਬ ਹੋ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਇਸ ਸਮੱਸਿਆ ਦੇ ਹੱਲ ਦੇ ਲਈ ਸ਼ੂਗਰ ਮਿੱਲ ਅਤੇ ਪਾਵਰ ਪਲਾਂਟ ਪ੍ਰਬੰਧਕਾਂ ਨਾਲ ਕਈ ਬੈਠਕਾਂ ਕੀਤੀਆਂ ਗਈਆਂ ਅਤੇ ਇਸ ਦੇ ਸਥਾਈ ਹੱਲ ਦੇ ਲਈ ਇਕ ਪ੍ਰਦੂਸ਼ਣ ਰੋਕਥਾਮ ਉਪਾਅ ਯੰਤਰ ਲਗਾਇਆ ਗਿਆ। ਉਨ੍ਹਾਂ ਦੱਸਿਆ ਕਿ ਇਸ ਯੰਤਰ ਨੂੰ ਲਗਾਉਣ ਦਾ ਕੰਮ ਪੂਰਾ ਹੋ ਚੁੱਕਾ ਹੈ ਅਤੇ 10 ਨਵੰਬਰ ਨੂੰ 11 ਵਜੇ ਸ਼ੂਗਰ ਮਿੱਲ ਦਾ ਦੌਰਾ ਕਰਕੇ ਇਸਦੀ ਕਾਰਜ ਪ੍ਰਣਾਲੀ ਦੀ ਜਾਂਚ ਕੀਤੀ ਜਾਵੇਗੀ, ਜਿਸਦੇ ਵਿੱਚ ਕੋਈ ਵੀ ਸ਼ਹਿਰ ਵਾਸੀ ਸ਼ਾਮਲ ਹੋ ਸਕਦਾ ਹੈ। ਉਨ੍ਹਾਂ ਦੱਸਿਆ ਕਿ ਇਸ ਯੰਤਰ ਦੇ ਚੱਲਣ ਦੇ ਨਾਲ ਉਡਣ ਵਾਲੀ ਸੁਆਹ ਅਤੇ ਪ੍ਰਦੂਸ਼ਣ ਦੀ ਸਮੱਸਿਆ ਹੱਲ ਹੋ ਜਾਵੇਗੀ। ਉਨ੍ਹਾਂ ਅਪੀਲ ਕਰਦਿਆਂ ਕਿਹਾ ਕਿ ਜੇਕਰ ਕੋਈ ਵੀ ਸ਼ਹਿਰ ਵਾਸੀ ਸ਼ੂਗਰ ਮਿੱਲ ਵਿਖੇ ਆ ਕੇ ਇਸਦੀ ਕਾਰਜ ਪ੍ਰਣਾਲੀ ਨੂੰ ਵੇਖਣਾ ਚਾਹੁੰਦਾ ਹੈ ਤਾਂ ਉਹ ਉਕਤ ਮਿਤੀ ਅਤੇ ਸਮੇਂ ‘ਤੇ ਸ਼ੂਗਰ ਮਿੱਲ ਵਿਖੇ ਆ ਸਕਦਾ ਹੈ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਰਾਜੀਵ ਵਰਮਾ, ਐਸ.ਡੀ.ਐਮ ਨਵਾਂਸ਼ਹਿਰ ਸ਼ਿਵਰਾਜ ਸਿੰਘ ਬੱਲ, ਜੀ.ਐਮ ਸ਼ੂਗਰ ਮਿੱਲ ਸੁਰਿੰਦਰ ਪਾਲ, ਵਾਈ ਐਸ. ਬੈਂਸ, ਪਾਵਰ ਪਲਾਂਟ ਦੇ ਅਧਿਕਾਰੀ, ਅਸ਼ਵਨੀ ਜੋਸ਼ੀ ਟੈਕਨੀਕਲ ਅਡਵਾਈਜ਼ਰ ਲੋਕ ਸੰਘਰਸ਼ ਮੰਚ, ਸਤੀਸ਼ ਕੁਮਾਰ ਲਾਲ ਨੁਮਾਇੰਦਾ ਲੋਕ ਸੰਘਰਸ਼ ਮੰਚ ਤੋਂ ਇਲਾਵਾ ਹੋਰ ਸਬੰਧਤ ਅਧਿਕਾਰੀ ਵੀ ਮੌਜੂਦ ਸਨ।