- 5 ਮਹੀਨਿਆਂ ਦੀਆਂ ਤਨਖ਼ਾਹਾ ਅਤੇ 8 ਮਹੀਨਿਆਂ ਦਾ ਓਵਰਟਾਈਮ ਦੇ ਪੈਸੇ ਨਾ ਦਿੱਤੇ ਜਾਣ ਕਾਰਨ ਧਰਨੇ 'ਤੇ ਬੈਠੇ ਹਨ : ਮਜ਼ਦੂਰ
ਫਗਵਾੜਾ, 1 ਨਵੰਬਰ : ਅੱਜ ਫਗਵਾੜਾ ਜੇਸੀਟੀ ਮਿੱਲ ਕਾਮਿਆਂ ਨੂੰ ਹੜਤਾਲ ’ਤੇ ਬੈਠੇ ਇੱਕ ਮਹੀਨਾ ਬੀਤ ਚੁੱਕਾ ਹੈ ਪਰ ਅੱਜ ਤੱਕ ਮਿੱਲ ਮਾਲਕਾਂ ਵੱਲੋਂ ਇਨ੍ਹਾਂ ਮਜ਼ਦੂਰਾਂ ਦੀ ਕੋਈ ਸੁਣਵਾਈ ਨਹੀਂ ਕੀਤੀ ਜਾ ਰਹੀ। ਮਜ਼ਦੂਰਾਂ ਦਾ ਕਹਿਣਾ ਹੈ ਕਿ ਉਹ ਆਪਣੀ 5 ਮਹੀਨਿਆਂ ਦੀਆਂ ਤਨਖ਼ਾਹਾ ਅਤੇ 8 ਮਹੀਨਿਆਂ ਦਾ ਓਵਰਟਾਈਮ ਦੇ ਪੈਸੇ ਨਾ ਦਿੱਤੇ ਜਾਣ ਕਾਰਨ ਪਿਛਲੇ ਇੱਕ ਮਹੀਨੇ ਤੋਂ ਧਰਨੇ 'ਤੇ ਬੈਠੇ ਹਨ। ਜਦਕਿ ਦੂਜੇ ਪਾਸੇ ਨਾ ਤਾਂ ਸਰਕਾਰ ਨੇ ਅਤੇ ਨਾ ਹੀ ਕਿਸੇ ਪ੍ਰਸ਼ਾਸਨਿਕ ਅਧਿਕਾਰੀ ਨੇ ਉਨ੍ਹਾਂ ਦੇ ਹਾਲ ਦੀ ਸਾਰ ਲਈ ਹੈ। ਮਜ਼ਦੂਰਾਂ ਦਾ ਕਹਿਣਾ ਹੈ ਕਿ ਅੱਜ ਅਦਾਲਤ ਦੇ ਹੁਕਮਾਂ ਅਨੁਸਾਰ ਮਜ਼ਦੂਰਾਂ ਨੇ ਸ਼ਾਂਤਮਈ ਢੰਗ ਨਾਲ ਉੱਠ ਕੇ ਮਾਣਯੋਗ ਅਦਾਲਤ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਮਿੱਲ ਤੋਂ 300 ਮੀਟਰ ਦੀ ਦੂਰੀ ’ਤੇ ਧਰਨਾ ਦੇ ਰਹੇ ਸਨ। ਪਰ 300 ਮੀਟਰ ਦੀ ਦੂਰੀ 'ਤੇ ਬੈਠਣ ਦੇ ਬਾਵਜੂਦ ਪੁਲਿਸ ਪ੍ਰਸ਼ਾਸਨ ਵੱਲੋਂ ਉਸ ਨੂੰ ਜ਼ਬਰਦਸਤੀ ਰੋਕ ਦਿੱਤਾ ਗਿਆ। ਡੀ.ਐੱਸ.ਪੀ ਜਸਪ੍ਰੀਤ ਸਿੰਘ ਦੇ ਨਿਰਦੇਸ਼ਾਂ 'ਤੇ ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲੀ ਕਾਰਵਾਈ ਕਰਦਿਆਂ ਫਗਵਾੜਾ ਪੁਲਿਸ ਨੂੰ ਲਾਠੀਚਾਰਜ ਦੇ ਹੁਕਮ ਦਿੱਤੇ ਗਏ। ਜਿਸ 'ਤੇ ਭੁੱਖੀਆਂ ਪਿਆਸੀਆਂ ਔਰਤਾਂ ਅਤੇ ਬੱਚਿਆਂ 'ਤੇ ਬੇਰਹਿਮੀ ਨਾਲ ਲਾਠੀਚਾਰਜ ਕੀਤਾ ਗਿਆ। ਦੱਸ ਦਈਏ ਕਿ ਪਿਛਲੇ ਇੱਕ ਮਹੀਨੇ ਤੋਂ ਕਰਮਚਾਰੀ ਆਪਣੀ 5 ਮਹੀਨਿਆਂ ਦੀ ਤਨਖਾਹ ਅਤੇ ਓਵਰਟਾਈਮ ਲੈਣ ਲਈ ਪ੍ਰਦਰਸ਼ਨ ਕਰ ਰਹੇ ਸਨ। ਉਨ੍ਹਾਂ ਦਾ ਕਹਿਣਾ ਹੈ ਕਿ ਤਿਉਹਾਰਾਂ ਦੌਰਾਨ ਉਨ੍ਹਾਂ ਦੇ ਬੱਚੇ ਘਰਾਂ ਵਿੱਚ ਭੁੱਖੇ-ਪਿਆਸੇ ਬੈਠੇ ਰਹਿੰਦੇ ਹਨ ਪਰ ਨਾ ਤਾਂ ਸਰਕਾਰ ਅਤੇ ਨਾ ਹੀ ਪ੍ਰਸ਼ਾਸਨ ਨੂੰ ਇਸ ਦੀ ਕੋਈ ਚਿੰਤਾ ਹੈ।ਵਰਕਰਾਂ ਨਾਲ ਗੱਲਬਾਤ ਕਰਦਿਆਂ ਇਹ ਗੱਲ ਸਾਹਮਣੇ ਆਈ ਕਿ ਅਦਾਲਤੀ ਹੁਕਮਾਂ ਦੀ ਤਾਮੀਲ ਕਰਦਿਆਂ ਜਦੋਂ ਮਜ਼ਦੂਰ 300 ਮੀਟਰ ਦੀ ਦੂਰੀ 'ਤੇ ਬੈਠਣ ਦੀ ਤਿਆਰੀ ਕਰ ਰਹੇ ਸਨ ਤਾਂ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਉੱਥੇ ਬੈਠਣ ਤੋਂ ਰੋਕਿਆ ਗਿਆ। ਜਿਸ ਤੋਂ ਸਾਫ਼ ਜ਼ਾਹਿਰ ਹੁੰਦਾ ਹੈ ਕਿ ਇਹ ਮੁਲਾਜ਼ਮਾਂ ਦੀ ਅਣਗਹਿਲੀ ਹੈ। ਉਨ੍ਹਾਂ ਕਿਹਾ ਕਿ ਅੱਜ ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਲੁਧਿਆਣਾ ਵਿੱਚ ਪੰਜਾਬ ਬੋਲਦਾ ਹੈ 'ਤੇ ਲਾਈਵ ਡੀਬੇਟ ਕਰਕੇ ਆਪਣੀਆਂ ਪ੍ਰਾਪਤੀਆਂ ਗਿਣਾ ਰਹੇ ਹਨ ਅਤੇ ਦੂਜੇ ਪਾਸੇ ਫਗਵਾੜਾ ਪੁਲਿਸ ਦੇ ਡੀ.ਐੱਸ.ਪੀ ਫਗਵਾੜਾ ਦੀਆਂ ਹਦਾਇਤਾਂ 'ਤੇ ਭੁੱਖੇ-ਪਿਆਸੇ ਮਜ਼ਦੂਰਾਂ 'ਤੇ ਲਾਠੀਆਂ ਨਾਲ ਲਾਠੀਚਾਰਜ ਕੀਤਾ ਜਾ ਰਿਹਾ ਹੈ। ਇਸ ਘਟਨਾ ਨੇ ਪੰਜਾਬ ਸਰਕਾਰ ਅਤੇ ਫਗਵਾੜਾ ਪੁਲਿਸ ਦੀ ਕਾਰਜਪ੍ਰਣਾਲੀ 'ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ।