- ਮੌਕ ਡਰਿੱਲ ਸਬੰਧੀ ਹੋਈ ਕੋਆਰਡੀਨੇਸ਼ਨ ਅਤੇ ਟੇਬਲ ਟਾਪ ਐਕਸਰਸਾਈਜ਼
ਨਵਾਂਸ਼ਹਿਰ, 20 ਨਵੰਬਰ 2024 : ਐਨ.ਡੀ.ਆਰ.ਐਫ (ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ) ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਸ਼੍ਰੇਆਂਸ ਇੰਡਸਟਰੀਜ਼ ਵਿਖੇ 21 ਨਵੰਬਰ ਨੂੰ ਆਫ਼ਤ ਪ੍ਰਬੰਧਨ ਬਾਰੇ ਕਰਵਾਈ ਜਾਣ ਵਾਲੀ ਮੌਕ ਡਰਿੱਲ ਸਬੰਧੀ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਕੋਆਰਡੀਨੇਸ਼ਨ ਅਤੇ ਟੇਬਲ ਟਾਪ ਐਕਸਰਸਾਈਜ਼ ਕੀਤੀ ਗਈ ਐਸ.ਡੀ.ਐਮ ਬਲਾਚੌਰ ਪ੍ਰੀਤ ਇੰਦਰ ਸਿੰਘ ਬੈਂਸ, ਐਸ.ਡੀ.ਐਮ ਬੰਗਾ ਵਿਪਿਨ ਭੰਡਾਰੀ ਅਤੇ ਜ਼ਿਲ੍ਹਾ ਮਾਲ ਅਫਸਰ ਮਨਦੀਪ ਸਿੰਘ ਮਾਨ ਦੀ ਮੌਜੂਦਗੀ ਵਿਚ ਹੋਈ ਇਸ ਐਕਸਰਸਾਈਜ਼ ਦੌਰਾਨ ਵੱਖ-ਵੱਖ ਸਬੰਧਤ ਵਿਭਾਗਾਂ ਦੇ ਅਧਿਕਾਰੀ ਵੀ ਹਾਜ਼ਰ ਰਹੇ। ਇਸ ਮੌਕੇ ਐਨ.ਡੀ.ਆਰ.ਐਫ ਦੀ ਸੱਤਵੀਂ ਬਟਾਲੀਅਨ ਬਠਿੰਡਾ ਦੇ ਸਹਾਇਕ ਕਮਾਂਡੈਂਟ ਡੀ.ਐਲ ਜਾਖੜ ਨੇ ਦੱਸਿਆ ਕਿ ਐਨ.ਡੀ.ਆਰ.ਐਫ ਵੱਲੋਂ ਸ਼੍ਰੇਆਂਸ ਇੰਡਸਟਰੀਜ਼, ਪਿੰਡ ਬੰਨ੍ਹਾ, ਤਹਿਸੀਲ ਬਲਾਚੌਰ ਵਿਖੇ ਵਿਖੇ 21 ਨਵੰਬਰ, ਦਿਨ ਵੀਰਵਾਰ ਨੂੰ ਮੌਕ ਡਰਿੱਲ ਕਰਵਾਈ ਜਾਵੇਗੀ, ਜਿਸ ਵਿਚ ਵੱਖ-ਵੱਖ ਸੰਬੰਧਿਤ ਵਿਭਾਗਾਂ ਵੱਲੋਂ ਸ਼ਮੂਲੀਅਤ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਇਸੇ ਸਬੰਧ ਵਿਚ 14 ਨਵੰਬਰ ਨੂੰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਹੀ ਓਰੀਐਂਟੇਸ਼ਨ-ਕਮ-ਕੋਆਰਡੀਨੇਸ਼ਨ ਕਾਨਫਰੰਸ ਕੀਤੀ ਗਈ ਸੀ। ਪ੍ਰੋਜੈਕਟਰ ਰਾਹੀਂ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਭਲਕੇ ਹੋਣ ਵਾਲਾ ਸੀ.ਆਰ.ਬੀ.ਐਨ (ਕੈਮੀਕਲ, ਰੇਡੀਓਲੌਜੀਕਲ, ਜੈਵਿਕ ਅਤੇ ਪ੍ਰਮਾਣੂ) ਮੌਕ ਅਭਿਆਸ ਖਾਸ ਕਰਕੇ ਉਦਯੋਗਿਕ ਸੁਰੱਖਿਆ ਦੇ ਨਜ਼ਰੀਏ ਤੋਂ ਜਾਗਰੂਕਤਾ ਅਤੇ ਤਾਲਮੇਲ ਨੂੰ ਉਤਸ਼ਾਹਿਤ ਕਰਨ ਲਈ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸਦਾ ਮੁੱਖ ਉਦੇਸ਼ ਵੱਖ-ਵੱਖ ਸਰਕਾਰੀ ਅਤੇ ਉਦਯੋਗਿਕ ਵਿਭਾਗਾਂ ਵਿਚਕਾਰ ਤਾਲਮੇਲ ਨੂੰ ਮਜ਼ਬੂਤ ਕਰਨਾ, ਹੰਗਾਮੀ ਸਥਿਤੀਆਂ ਨਾਲ ਨਜਿੱਠਣ ਲਈ ਉਨ੍ਹਾਂ ਦੀਆਂ ਤਿਆਰੀਆਂ ਨੂੰ ਵਧਾਉਣਾ ਅਤੇ ਸੰਭਾਵੀ ਖ਼ਤਰਿਆਂ ਤੋਂ ਜਨਤਾ ਨੂੰ ਜਾਗਰੂਕ ਕਰਨਾ ਹੈ। ਇਸ ਦੌਰਾਨ ਉਨ੍ਹਾਂ ਅਧਿਕਾਰੀਆਂ ਨੂੰ ਮੌਕ ਅਭਿਆਸ ਵਿਚ ਸਰਗਰਮ ਭੂਮਿਕਾ ਨਿਭਾਉਣ ਦੀ ਅਪੀਲ ਕੀਤੀ। ਇਸ ਮੌਕੇ ਡੀ.ਐਸ.ਪੀ ਸੁਰਿੰਦਰ ਚਾਂਦ, ਐਨ.ਡੀ.ਆਰ.ਐਫ ਦੇ ਜਸਬੰਤ ਸਿੰਘ, ਲਵ ਕੁਮਾਰ, ਬਸੰਤ ਬਾਠ ਤੇ ਬੀਰ ਸਿੰਘ ਤੋਂ ਇਲਾਵਾ ਸਮੂਹ ਤਹਿਸੀਲਦਾਰ, ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਇੰਡਸਟਰੀਆਂ ਦੇ ਨੁਮਾਇੰਦੇ ਮੌਜੂਦ ਸਨ।