ਸਵੱਛਤਾ ਸਰਵੇਖਣ ਲਈ ਨਵਾਂਸ਼ਹਿਰ ਨੂੰ ਰਾਸ਼ਟਰਪਤੀ ਪਾਸੋਂ ਮਿਲੇਗਾ ਪੁਰਸਕਾਰ

ਨਵਾਂਸ਼ਹਿਰ : ਨਗਰ ਕੌਂਸਲ ਨਵਾਂਸ਼ਹਿਰ ਨੇ ਇੱਕ ਵਾਰ ਫਿਰ ਭਾਰਤ ਸਰਕਾਰ ਦੇ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਮੰਤਰਾਲੇ ਦੁਆਰਾ 1 ਅਕਤੂਬਰ, 2022 ਨੂੰ ਰਸਮੀ ਤੌਰ 'ਤੇ ਐਲਾਨੇ ਜਾਣ ਵਾਲੇ ਆਜ਼ਾਦੀ 75 ਸਵੱਛ ਸਰਵੇਖਣ 2022 ਲਈ ਇਨਾਮਾਂ ਦੀ ਸੂਚੀ ਵਿਚ ਆਪਣੀ ਥਾਂ ਬਣਾ ਲਈ ਹੈ।  
ਇਹ ਜਾਣਕਾਰੀ ਦਿੰਦਿਆਂ ਏਡੀਸੀ (ਜਨਰਲ) ਰਾਜੀਵ ਵਰਮਾ ਜਿਨ੍ਹਾਂ ਕੋਲ ਏਡੀਸੀ (ਸ਼ਹਿਰੀ ਵਿਕਾਸ) ਦਾ ਵੀ ਚਾਰਜ ਹੈ, ਨੇ ਦੱਸਿਆ ਕਿ ਇਨਾਮ ਵੰਡ ਸਮਾਰੋਹ ਦੀ ਪ੍ਰਧਾਨਗੀ ਭਾਰਤ ਦੇ ਰਾਸ਼ਟਰਪਤੀ ਸ਼੍ਰੀਮਤੀ ਡਾ.  ਦ੍ਰੋਪਦੀ ਮੁਰਮੂ ਕਰਨਗੇ। ਹੋਰ ਵੇਰਵਿਆਂ ਦਾ ਖੁਲਾਸਾ ਕਰਦਿਆਂ ਸ੍ਰੀ ਵਰਮਾ ਨੇ ਦੱਸਿਆ ਕਿ ਰੂਪਾ ਮਿਸ਼ਰਾ, ਸੰਯੁਕਤ ਸਕੱਤਰ ਅਤੇ ਮਿਸ਼ਨ ਡਾਇਰੈਕਟਰ, ਸਵੱਛ ਭਾਰਤ ਮਿਸ਼ਨ-ਸ਼ਹਿਰੀ ਵੱਲੋਂ ਪੰਜਾਬ ਸਰਕਾਰ ਨੂੰ ਭੇਜੇ ਗਏ ਪੱਤਰ ਅਨੁਸਾਰ, ਨਵਾਂਸ਼ਹਿਰ ਪੁਰਸਕਾਰ ਲਈ ਚੁਣੀਆਂ ਗਈਆਂ ਰਾਜ ਦੀਆਂ 11 ਸ਼ਹਿਰੀ ਸਥਾਨਕ ਸੰਸਥਾਵਾਂ ਵਿੱਚੋਂ ਇੱਕ ਹੈ। ਜਿਸ ਵਿਸ਼ੇਸ਼ ਸ਼੍ਰੇਣੀ ਵਿੱਚ ਇਨਾਮ ਦਿੱਤਾ ਜਾ ਰਿਹਾ ਹੈ ਉਸ ਦਾ ਐਲਾਨ ਇਨਾਮ ਵੰਡ ਸਮਾਰੋਹ ਵਾਲੇ ਦਿਨ ਕੀਤਾ ਜਾਵੇਗਾ।ਜ਼ਿਕਰਯੋਗ ਹੈ ਕਿ ਸਾਲ 2019 ਵਿੱਚ ਨਵਾਂਸ਼ਹਿਰ ਨੂੰ ਸਾਫ਼ ਸੁਥਰੇ ਤੇ ਕੂੜਾ ਮੁਕਤ ਸ਼ਹਿਰ ਵਜੋਂ ਟਾਪ ਰੈਂਕਿੰਗ ਮਿਲੀ ਸੀ ਅਤੇ 2020 ਵਿੱਚ ਨਵਾਂਸ਼ਹਿਰ ਨੂੰ 'ਸਸਟੇਨੇਬਲ ਸਿਟੀ' ਦਾ ਐਵਾਰਡ ਮਿਲਿਆ ਸੀ।    
ਇਨਾਮ ਦੇ ਦਾਅਵੇਦਾਰ ਪੰਜਾਬ ਦੇ ਹੋਰਨਾਂ ਸ਼ਹਿਰਾਂ ਵਿੱਚ ਬਰੇਟਾ, ਭੀਖੀ, ਦਸੂਹਾ, ਫਾਜ਼ਿਲਕਾ, ਘੱਗਾ, ਗੋਬਿੰਦਗੜ, ਜਲੰਧਰ ਕੈਂਟੋਨਮੈਂਟ ਬੋਰਡ, ਕੁਰਾਲੀ, ਮੂਣਕ ਤੇ ਨੰਗਲ ਦੀਆਂ ਸਥਾਨਕ ਸ਼ਹਿਰੀ ਸੰਸਥਾਵਾਂ ਸ਼ਾਮਿਲ ਹਨ।