- ਆਜ਼ਾਦ ਤੇ ਨਿਰਪੱਖ ਚੋਣ ਯਕੀਨੀ ਬਣਾਉਣ ਲਈ ਇਲੈਕਸ਼ਨ ਆਬਜ਼ਰਵਰਾਂ ਦੀ ਗਿਣਤੀ ਵੀ ਵਧਾਈ ਜਾਵੇ: ਅਰਸ਼ਦੀਪ ਸਿੰਘ ਕਲੇਰ
- ਚੋਣ ਕਮਿਸ਼ਨ ਨੂੰ ਆਪ ਵੱਲੋਂ ਬੂਥਾ ’ਤੇ ਕਬਜ਼ੇ ਕਰਨ ਦੀ ਯੋਜਨਾ ਤੇ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਦੀ ਵੀ ਦਿੱਤੀ ਜਾਣਗਕਾਰੀ
ਚੰਡੀਗੜ੍ਹ, 9 ਮਈ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਭਾਰਤੀ ਚੋਣ ਕਮਿਸ਼ਨ (ਈ ਸੀ ਆਈ) ਨੂੰ ਬੇਨਤੀ ਕੀਤੀ ਕਿ 10 ਮਈ 2023 ਨੂੰ ਹੋ ਰਹੀ ਜਲੰਧਰ ਪਾਰਲੀਮਾਨੀ ਹਲਕੇ ਦੀ ਜ਼ਿਮਨੀ ਚੋਣ ਵਾਸਤੇ ਤੁਰੰਤ ਨੀਮ ਫੌਜੀ ਬਲ ਤਾਇਨਾਤ ਕੀਤੇ ਜਾਣ ਅਤੇ ਹਲਕੇ ਵਿਚ ਪੈਂਦੇ ਹਰ ਬੂਥ ਦੀ ਵੀਡੀਓਗ੍ਰਾਫੀ ਕਰਵਾਈ ਜਾਵੇ। ਮੁੱਖ ਚੋਣ ਕਮਿਸ਼ਨਰ ਨੂੰ ਲਿਖੇ ਪੱਤਰ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਅਤੇ ਲੀਵਲ ਵਿੰਗ ਦੇ ਪ੍ਰਧਾਨ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਨੇ ਚੋਣ ਕਮਿਸ਼ਨ ਨੂੰ ਦੱਸਿਆ ਕਿ ਭਾਵੇਂ ਭਾਰਤੀ ਚੋਣ ਕਮਿਸ਼ਨ ਵੱਲੋਂ ਇਸ ਹਲਕੇ ਵਿਚ ਹੋ ਰਹੀ ਜ਼ਿਮਨੀ ਚੋਣ ਆਜ਼ਾਦ ਤੇ ਨਿਰਪੱਖ ਢੰਗ ਨਾਲ ਕਰਵਾਉਣ ਲਈ ਸਾਰੇ ਯਤਨ ਕੀਤੇ ਜਾ ਰਹੇ ਹਨ ਪਰ ਸ੍ਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਮੌਜੂਦਾ ਸਰਕਾਰ ਦੇ ਇਰਾਦੇ ਨੇਕ ਨਹੀਂ ਹਨ। ਉਹਨਾਂ ਕਿਹਾ ਕਿ ਜਿਸ ਦਿਨ ਤੋਂ ਚੋਣ ਪ੍ਰਕਿਰਿਆ ਸ਼ੁਰੂ ਹੋਈ ਸੱਤਾਧਾਰੀ ਆਮ ਆਦਮੀ ਪਾਰਟੀ ਨੇ ਵਿਰੋਧੀ ਪਾਰਟੀਆਂ ਦੇ ਆਗੂਆਂ ਤੇ ਵਰਕਰਾਂ ਨੂੰ ਧਮਕਾਉਣਾ ਸ਼ੁਰੂ ਕਰ ਦਿੱਤਾ ਸੀ। ਉਹਨਾਂ ਕਿਹਾ ਕਿ ਸਾਨੂੰ ਇਹ ਲਿਖਣ ਲਈ ਮਜਬੂਰ ਹੋਣਾ ਪੈ ਰਿਹਾ ਹੈ ਕਿ ਸੱਤਾਧਾਰੀ ਪਾਰਟੀ ਨੂੰ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਦੀ ਆਦਤ ਪੈ ਗਈ ਹੈ ਤੇ ਇਹ ਚੋਣ ਜ਼ਾਬਤੇ ਦੀ ਸ਼ਰ੍ਹੇਆਮ ਉਲੰਘਣਾ ਕਰ ਰਹੀ ਹੈ। ਅਕਾਲੀ ਆਗੂ ਨੇ ਇਹ ਵੀ ਦੱਸਿਆ ਕਿ ਉਹਨਾਂ ਦੇ ਧਿਆਨ ਵਿਚ ਆਇਆ ਹੈ ਕਿ ਸੱਤਾਧਾਰੀ ਆਮ ਆਦਮੀ ਪਾਰਟੀ ਵੱਲੋਂ ਬੂਥਾਂ ’ਤੇ ਕਬਜ਼ੇ ਕਰਨ ਦੀ ਫਿਰਾਕ ਵਿਚ ਹੈ ਤੇ ਖਾਸ ਤੌਰ ’ਤੇ ਸਾਰੇ ਸ਼ਹਿਰੀ ਜਲੰਧਰ ਵਿਧਾਨ ਸਭਾ ਹਲਕਿਆਂ (ਜਲੰਧਰ ਕੇਂਦਰੀ, ਜਲੰਧਰ ਉੱਤਰੀ, ਜਲੰਧਰ ਪੱਛਮੀ ਤੇ ਜਲੰਧਰ ਛਾਉਣੀ) ਵਿਚ ਇਹ ਕਬਜ਼ੇ ਕਰਨ ਦੀ ਵਿਸ਼ੇਸ਼ ਯੌਜਨਾ ਉਲੀਕੀ ਗਈ ਹੈ ਤੇ ਇਸਦੇ ਨਾਲ ਹੀ ਨਕੋਦਰ, ਆਦਮਪੁਰ, ਫਿਲੌਰ, ਸ਼ਾਹਕੋਟ ਤੇ ਕਰਤਾਪੁਰ ਹਲਕਿਆਂ ਵਿਚ ਵੀ ਬਾਹਰੋਂ ਲੋਕ ਤੇ ਬਾਉਂਸਰ ਲਿਆਉਣ ਦੀ ਯੋਜਨਾ ਬਣਾਈ ਗਈ ਹੈ ਤੇ ਇਹਨਾਂ ਲੋਕਾਂ ਨੂੰ ਲਿਆਉਣ ਵਾਸਤੇ ਸੱਤਾਧਾਰੀਪਾਰਟੀ ਨੇ ਟਰਾਂਸਪੋਰਟ ਵਾਹਨਾਂ ਦਾ ਵੀ ਇੰਤਜ਼ਾਮ ਕੀਤਾ ਹੈ ਤੇ ਸੱਤਾਧਾਰੀ ਪਾਰਟੀ ਵੱਲੋਂ ਆਪਣੇ ਪਾਰਟੀ ਉਮੀਦਵਾਰ ਦੇ ਹੱਕ ਵਿਚ ਵੋਟਾਂ ਪੁਆਉਣ ਲਈ ਸਰਪੰਚਾਂ ਤੇ ਸਰਕਾਰੀ ਮੁਲਾਜ਼ਮਾਂ ’ਤੇ ਦਬਾਅ ਵੀ ਬਣਾਇਆ ਜਾ ਰਿਹਾ ਹੈ। ਉਹਨਾਂ ਨੇ ਚੋਣ ਕਮਿਸ਼ਨ ਨੂੰ ਬੇਨਤੀ ਕੀਤੀ ਕਿ ਇਹਨਾਂ ਸਾਰੇ ਤੱਥਾਂ ਤੇ ਹਾਲਾਤਾਂ ਦੇ ਮੱਦੇਨਜ਼ਰ ਇਸ ਚੋਣ ਵਾਸਤੇ ਤੁਰੰਤ ਨੀਮ ਫੌਜੀ ਬਲ ਤਾਇਨਾਤ ਕੀਤੇ ਜਾਣ ਤੇ ਹਲਕੇ ਵਿਚ ਪੈਂਦੇ ਸਾਰੇ ਬੂਥਾਂ ਦੀ ਵੀਡੀਓਗ੍ਰਾਫੀ ਕਰਵਾਉਣ ਦੇ ਹੁਕਮ ਦਿੱਤੇ ਜਾਣ ਅਤੇ ਨਾਲ ਹੀ ਇਲੈਕਸ਼ਨ ਆਬਜ਼ਰਵਰਾਂ ਦੀ ਗਿਣਤੀ ਵੀ ਵਧਾਈ ਜਾਵੇ ਤਾਂ ਜੋ ਨਿਰਪੱਖ ਤੇ ਆਜ਼ਾਦ ਚੋਣ ਯਕੀਨੀ ਬਣਾਈ ਜਾਵੇ।