ਨਵਾਂ ਸ਼ਹਿਰ, 05 ਅਪ੍ਰੈਲ : ਪੰਜਾਬ ਵਿਧਾਨ ਸਭਾ ਦੇ ਸਪੀਕਰ, ਸ. ਕੁਲਤਾਰ ਸਿੰਘ ਸੰਧਵਾਂ ਨੇ ਅੱਜ ਇੱਥੇ ਆਖਿਆ ਕਿ ਇਮਾਨਦਾਰੀ ਅਤੇ ਨੇਕਨੀਅਤੀ ਕਾਮਯਾਬ ਜ਼ਿੰਦਗੀ ਦਾ ਸਭ ਤੋਂ ਵੱਡਾ ਗੁਣ ਹੈ, ਜਿਸ ਨਾਲ ਅਸੀਂ ਤਰੱਕੀ ਦੀਆਂ ਮੰਜ਼ਿਲ੍ਹਾਂ ਛੋਹਣ ਦੇ ਨਾਲ-ਨਾਲ ਸਮਾਜ ਲਈ ਵੀ ਆਦਰਸ਼ ਬਣਦੇ ਹਾਂ।ਅੱਜ ਨਵਾਂਸ਼ਹਿਰ ਦੇ ਬੀ ਐਲ ਐਮ ਗਰਲਜ਼ ਕਾਲਜ ਵਿਖੇ ਕਾਨਵੋਕੇਸ਼ਨ (ਡਿਗਰੀ ਵੰਡ ਸਮਾਰੋਹ) ’ਚ ਬਤੌਰ ਮੁੱਖ ਮਹਿਮਾਨ ਸ਼ਿਰਕਤ ਕਰਦਿਆਂ, ਸਪੀਕਰ ਪੰਜਾਬ ਵਿਧਾਨ ਸਭਾ ਨੇ ਕਿਹਾ ਕਿ ਕੇਵਲ ਡਿਗਰੀ ਸਾਡੀ ਮੰਜ਼ਿਲ ਦੀ ਪ੍ਰਾਪਤੀ ਨਹੀਂ ਸਗੋਂ ਇਸ ਨਾਲ ਸਾਡੀ ਅਸਲ ਤਪੱਸਿਆ ਸ਼ੁਰੂ ਹੁੰਦੀ ਹੈ। ਅਸੀਂ ਜੋ ਵਿਦਿਅਕ ਪ੍ਰਾਪਤੀ ਕੀਤੀ ਹੈ, ਉਸ ਗਿਆਨ ਨੂੰ ਅੱਗੇ ਵਰਤ ਕੇ ਹੁਣ ਅਸੀਂ ਸਮਾਜ ਪ੍ਰਤੀ ਆਪਣੀ ਜ਼ਿੰਮੇਂਵਾਰੀ ਨੂੰ ਨਿਭਾਉਣਾ ਹੈ। ਉਨ੍ਹਾਂ ਕਿਹਾ ਕਿ ਕਿਤਾਬੀ ਗਿਆਨ ਅਤੇ ਅਮਲੀ ਗਿਆਨ ਦੋ ਵੱਖ-ਵੱਖ ਅਹਿਮ ਪੜਾਅ ਹਨ। ਉਨ੍ਹਾਂ ਸੈਸ਼ਨ 2014 ਤੋਂ 2021 ਤੱਕ ਦੀਆਂ ਸਫ਼ਲ ਵਿਦਿਆਰਥਣਾਂ ’ਚੋਂ ਮੌਜੂਦ 190 ਨੂੰ ਉੁਨ੍ਹਾਂ ਦੀਆਂ ਮਾਸਟਰ ਅਤੇ ਬੈਚੂਲਰ ਡਿਗਰੀਆਂ ਸੌਂਪਣ ਬਾਅਦ ਸੰਬੋਧਿਤ ਹੁੰਦਿਆਂ ਕਿਹਾ ਕਿ ਜ਼ਿੰਦਗੀ ’ਚ ਸੰਘਰਸ਼ ਬਹੁਤ ਕੁੱਝ ਸਿਖਾਉਂਦਾ ਹੈ। ਜੇਕਰ ਅਸੀਂ ਇਮਾਨਦਾਰੀ ਦਾ ਰਾਹ ਨਹੀਂ ਛੱਡਦੇ ਤਾਂ ਸਫ਼ਲਤਾ ਹਮੇਸ਼ਾਂ ਸਾਡੇ ਪੈਰ ਚੁੰਮਦੀ ਹੈ। ਉਨ੍ਹਾਂ ਆਪਣੇ ਸਮਾਜਿਕ ਅਤੇ ਸਿਆਸੀ ਜੀਵਨ ਦੀ ਉਦਾਹਰਨ ਦਿੰਦਿਆਂ ਕਿਹਾ ਕਿ ਕਾਲਜ ਛਡਣ ਵੇਲੇ ਉਨ੍ਹਾਂ ਨੂੰ ਆਪਣੇ ਇੱਕ ਅਧਿਆਪਕ ਦੇ ਕਹੇ ਲਫ਼ਜ਼ ਕਿ ਅੱਜ ਤੋਂ ਤੁਹਾਡਾ ਬੇਰੋਜ਼ਗਾਰੀ ਸਫ਼ਰ ਸ਼ੁਰੂ ਹੁੰਦਾ ਹੈ, ਅੱਜ ਵੀ ਯਾਦ ਹਨ ਪਰ ਉਨ੍ਹਾਂ ਨੂੰ ਮੇਹਨਤ ਅਤੇ ਲਗਨ ਦੇ ਸਿਰ ’ਤੇ ਅੱਜ ਪੰਜਾਬ ਦੇ ਲੋਕਾਂ ਵੱਲੋਂ ਰਾਜ ਦੇ ਸਭ ਤੋਂ ਪਵਿੱਤਰ ਸਦਨ ਦੀ ਜ਼ਿੰਮੇਂਵਾਰੀ ਸੌਂਪਣ ਤੱਕ ਦਾ ਸਫ਼ਰ ਉਨ੍ਹਾਂ ਦੀ ਇਮਾਨਦਾਰੀ ਸਦਕਾ ਹੀ ਹੈ।ਵਿਦਿਆਰਥਣਾਂ ਨੂੰ ਦੇਸ਼ ਪ੍ਰੇਮ ਦਾ ਸੰਦੇਸ਼ ਦਿੰਦਿਆਂ ਦੇਸ਼ ਤੋੜਨ ਵਾਲੀਆਂ ਤਾਕਤਾਂ ਤੋਂ ਸੁਚੇਤ ਰਹਿਣ ਦਾ ਸੱਦਾ ਦਿੰਦਿਆਂ ਉਨ੍ਹਾਂ ਕਿਹਾ ਕਿ ਦੇਸ਼ ਇਸ ਵਿੱਚ ਰਹਿਣ ਵਾਲੇ ਲੋਕਾਂ ਅਤੇ ਉਨ੍ਹਾਂ ਦੀ ਸਦਭਾਵਨਾ ਅਤੇ ਭਾਈਚਾਰਕ ਸਾਂਝ ਨਾਲ ਬਣਿਆ ਹੈ। ਇਸ ਲਈ ਸਾਡਾ ਇਹ ਫ਼ਰਜ਼ ਬਣ ਜਾਂਦਾ ਹੈ ਕਿ ਅਸੀਂ ਆਪਣੇ ਦੇਸ਼ ਪ੍ਰਤੀ ਸੁਹਿਰਦ ਹੁੰਦੇ ਹੋਏ ਹਮੇਸ਼ਾਂ ਇਸ ਦੀ ਏਕਤਾ ਅਤੇ ਅਖੰਡਤਾ ਨੂੰ ਬਰਕਰਾਰ ਰੱਖਣ ’ਚ ਯੋਗਦਾਨ ਦੇਈਏ।ਉਨ੍ਹਾਂ ਗੁਰੂ ਨਾਨਕ ਦੇਵ ਜੀ ਅਤੇ ਮਹਾਂਰਿਸ਼ੀ ਸਵਾਮੀ ਦਯਾਨੰਦ ਜੀ, ਜਿਨ੍ਹਾਂ ਦੀ ਦੂਸਰੀ ਜਨਮ ਸ਼ਤਾਬਦੀ (1824-2024) ਨੂੰ ਅੱਜ ਦਾ ਕਾਨਵੋਕੇਸ਼ਨ ਸਮਰਪਿਤ ਕੀਤਾ ਗਿਆ ਹੈ, ਵੱਲੋਂ ਮਹਿਲਾਵਾਂ ਦੇ ਸਮਾਜ ’ਚ ਸਭ ਤੋਂ ਉੱਚੇ ਦਰਜੇ ਅਤੇ ਉਨ੍ਹਾਂ ਦੀ ਬਰਾਬਰੀ ਲਈ ਆਵਾਜ਼ ਉਠਾਉਣ ਅਤੇ ਸੁਧਾਰ ਲਈ ਕੀਤੇ ਗਏ ਉਪਰਾਲਿਆਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਇਸ ਤੋਂ ਭਲੀ-ਭਾਂਤ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਉਸ ਸਮੇਂ ਔਰਤਾਂ ਲਈ ਸਮਾਜ ’ਚ ਕਿਸ ਤਰ੍ਹਾਂ ਦੀ ਮੁਸ਼ਕਿਲਾਂ ਸਨ। ਉਨ੍ਹਾਂ ਕਿਹਾ ਕਿ ਅੱਜ ਮਹਿਲਾਵਾਂ ਸਮਾਜ ਦਾ ਸਤਿਕਾਰਯੋਗ ਹਿੱਸਾ ਤਾਂ ਹਨ ਹੀ ਬਲਕਿ ਆਪਣੀਆਂ ਪ੍ਰਾਪਤੀਆਂ ਨਾਲ ਵਿਲੱਖਣ ਸਥਾਨ ਵੀ ਰੱਖਦੀਆਂ ਹਨ। ਉਨ੍ਹਾਂ ਇਸ ਮੌਕੇ ਆਰਟਸ, ਇਕਨਾਮਿਕਸ, ਕੰਪਿੳੂਟਰ ਐਪਲੀਕੇਸ਼ਨਜ਼, ਕੰਪਿਊਟਰ ਸਾਇੰਸ ਆਦਿ ਵਿਸ਼ਿਆਂ ’ਚ ਆਪਣੀ ਸਿਖਿਆ ਹਾਸਲ ਕਰਕੇ ਡਿਗਰੀ/ਯੂਨੀਵਰਸਿਟੀ ਮੈਡਲ ਪ੍ਰਾਪਤ ਕਰਨ ਵਾਲੀ ਵਿਦਿਆਰਥਣਾਂ ਨੂੰ ਉਜਵਲ ਭਵਿੱਖ ਲਈ ਮੁਬਾਰਕਬਾਦ ਵੀ ਦਿੱਤੀ।ਉਨ੍ਹਾਂ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੇ ਪਰਿਵਾਰ ਅਤੇ ਪੁਰਖਿਆ ਨਾਲ ਜੁੜੀ ਇਸ ਧਰਤੀ ਨੂੰ ਬਹੁਤ ਹੀ ਮਹਾਨ ਸਥਾਨ ਕਰਾਰ ਦਿੰਦਿਆਂ ਕਿਹਾ ਕਿ ਜਦੋਂ ਸਾਡੇ ਪ੍ਰੇਰਣਾਸ੍ਰੋਤ ਅਜਿਹੇ ਦੇਸ਼ ਨੂੰ ਸਮਰਪਿਤ ਨੌਜੁਆਨ ਵੀਰ ਬਲੀਦਾਨੀ ਹਨ ਤਾਂ ਸਾਨੂੰ ਵੀ ਆਪਣੇ ਦੇਸ਼ ਅਤੇ ਰਾਜ ਦੀ ਬੇਹਤਰੀ ਲਈ ਕੰਮ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਪੰਜਾਬ ’ਚ ਸਿਖਿਆ ਅਤੇ ਸਿਹਤ ਢਾਂਚੇ ਨੂੰ ਵਿਸ਼ੇਸ਼ ਪ੍ਰਮੁਖਤਾ ਦੇ ਕੇ ਸ਼ੁਰੂ ਕੀਤੇ ਸੁਧਾਰਾਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਸ ਨਾਲ ਸੂਬੇ ਦੇ ਨੌਜੁਆਨਾਂ ਅਤੇ ਲੋਕਾਂ ਨੂੰ ਵੱਡਾ ਲਾਭ ਮਿਲੇਗਾ।ਨਾਮਵਰ ਪੱਤਰਕਾਰ ਅਤੇ ਸੰਪਾਦਕ ਵਰਿੰਦਰ ਵਾਲੀਆ ਨੇ ਇਸ ਮੌਕੇ ਵਿਦਿਆਰਥਣਾਂ ਨੂੰ ਆਪਣੀ ਦਿਵਿਆਂਗਤਾ ਨੂੰ ਚਣੌਤੀ ਮੰਨ ਕੇ ਖੇਡਾਂ ’ਚ ਮੁਕਾਮ ਹਾਸਲ ਕਰਨ ਵਾਲੀ ਅਨੁਪਮਾ ਸਿਨਹਾ, ਸਾਲ 2015 ’ਚ ਮੁੰਬਈ ਦੇ ਸਲੰਮ ’ਚ ਰਹਿ ਕੇ ਵੀ ਆਈ ਏ ਐਸ ਬਣਨ ਵਾਲੀ ਉਮਰ ਅਤੇ ਪੁਲਿਸ ਲਾਈਨ ’ਚ ਪੇਂਟਰ ਪਿਤਾ ਨਾਲ ਰਹਿਣ ਵਾਲੀ ਧੀ ਵੱਲੋਂ ਵੱਡੀ ਹੋ ਕੇ ਆਈ ਪੀ ਐਸ ਬਣਨ ਵਾਲੀਆਂ ਸਫ਼ਲ ਮਹਿਲਾਵਾਂ ਦੀ ਪ੍ਰੇਰਨਾਮਈ ਕਹਾਣੀ ਸੁਣਾ ਕੇ ਉਨ੍ਹਾਂ ਨੂੰ ਆਪਣੇ ਵੱਡੇ ਟੀਚਟ ਮਿੱਥਣ ਲਈ ਆਖਿਆ। ਆਰੀਆ ਪ੍ਰਤੀਨਿਧ ਸਭਾ ਪੰਜਾਬ ਦੇ ਜਨਰਲ ਸਕੱਤਰ ਪ੍ਰੇਮ ਭਾਰਦਵਾਜ ਨੇ ਮਹਾਂਰਿਸ਼ੀ ਸਵਾਮੀ ਦਯਾਨੰਦ ਦੀ ਨਾਰੀ ਸ਼ਕਤੀ ਨੂੰ ਸੰਗਠਿਤ ਕਰਨ ਲਈ ਸਿਖਿਆ ਦੀ ਲੋੜ ’ਤੇ ਜ਼ੋਰ ਦੇਣ ਲਈ ਸਥਾਪਿਤ ਸੰਸਥਾਂਵਾਂ ਦੇ ਯੋਗਦਾਨ ਬਾਰੇ ਦੱਸਿਆ।ਪਿ੍ਰੰਸੀਪਲ ਤਰਨਪ੍ਰੀਤ ਕੌਰ ਵਾਲੀਆ ਨੇ ਕਾਲਜ ਦੀਆਂ ਵਿਦਿਅਕ ਅਤੇ ਸਹਿ-ਸਿਖਿਆ ਗਤੀਵਿਧੀਆਂ ਦੀ ਪ੍ਰਾਪਤੀਆਂ ’ਤੇ ਚਾਨਣਾ ਪਾਇਆ। ਧੰਨਵਾਦ ਕਾਲਜ ਦੀ ਅਧਿਆਪਕਾ ਸੁਰਿੰਦਰ ਕੌਰ ਨੇ ਕੀਤਾ ਜਦਕਿ ਮੰਚ ਸੰਚਾਲਨ ਪ੍ਰੋ. ਨਿਵੇਦਿਤਾ ਨੇ ਕੀਤਾ। ਇਸ ਮੌਕੇ ਕਾਲਜ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਦੇਸ਼ ਬੰਧੂ ਭੱਲਾ, ਜਨਰਲ ਸਕੱਤਰ ਵਿਨੋਦ ਭਾਰਦਵਾਜ, ਸੀਨੀਅਰ ਆਪ ਆਗੂ ਲਲਿਤ ਮੋਹਨ ਪਾਠਕ, ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਸਤਨਾਮ ਜਲਾਲਪੁਰ, ਇੰਪਰੂਵਮੈਂਟ ਟ੍ਰੱਸਟ ਨਵਾਂਸ਼ਹਿਰ ਦੇ ਚੇਅਰਮੈਨ ਸਤਨਾਮ ਜਲਵਾਹਾ, ਆਪ ਦੇ ਜ਼ਿਲ੍ਹਾ ਸਕੱਤਰ ਗਗਨ ਅਗਨੀਹੋਤਰੀ, ਜ਼ਿਲ੍ਹਾ ਮਹਿਲਾ ਪ੍ਰਧਾਨ ਰਾਜਦੀਪ ਸ਼ਰਮਾ, ਜ਼ਿਲ੍ਹਾ ਯੂਥ ਪ੍ਰਧਾਨ ਵਿਨੀਤ ਰਾਣਾ ਤੋਂ ਇਲਾਵਾ ਜੀਆ ਲਾਲ ਸ਼ਰਮਾ, ਸੁਸ਼ੀਲ ਪੁਰੀ, ਆਰ.ਕੇ. ਆਰਿਆ ਕਾਲਜ ਦੇ ਪਿ੍ਰੰਸੀਪਲ ਡਾ. ਸੰਜੀਵ ਡਾਵਰ, ਗੁਰਵਿੰਦਰ ਕੌਰ, ਪਿ੍ਰੰਸੀਪਲ ਡੀ.ਏ.ਐਨ ਕਾਲਜ ਆਫ਼ ਐਜ਼ੂਕੇਸ਼ਨ, ਰਜਿੰਦਰ ਗਿੱਲ ਪਿ੍ਰੰਸੀਪਲ ਦੋਆਬਾ ਆਰਿਆ ਸਕੂਲ ਅਤੇ ਐਸ ਕੇ ਬਰੂਟਾ ਸਕੱਤਰ ਆਰ.ਕੇ ਆਰਿਆ ਕਾਲਜ ਸ਼ਾਮਲ ਸਨ।