ਨਵਾਂਸ਼ਹਿਰ, 9 ਫਰਵਰੀ : ਐਨ ਆਰ ਆਈ ਦੀ ਸਹੂਲਤ ਦੇ ਲਈ ਰਾਜ ਸਰਕਾਰ ਏਅਰਪੋਰਟ ਤੇ ਹੈਲਪ ਡੈਸਕ ਖੋਲੇਗੀ, ਤਾਂ ਜੋ ਏਅਰਪੋਰਟ ਤੇ ਆਉਣ ਵਾਲੇ ਐਨਆਰਆਈ ਨੂੰ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ। ਇਹ ਪ੍ਰਗਟਾਵਾ ਪ੍ਰਵਾਸੀ ਭਾਰਤੀ ਮਾਮਲੇ ਪ੍ਰਬੰਧਕੀ ਸੁਧਾਰ ਮੰਤਰੀ ਪੰਜਾਬ ਕੁਲਦੀਪ ਸਿੰਘ ਧਾਲੀਵਾਲ ਨੇ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਇਸ ਮੌਕੇ ‘ਤੇ ਉਨ੍ਹਾਂ ਦੇ ਨਾਲ ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਅਤੇ ਹਲਕਾ ਇੰਚਾਰਜ ਬੰਗਾ ਕੁਲਜੀਤ ਸਿੰਘ ਸਰਹਾਲ ਵੀ ਸਨ। ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਏਅਰਪੋਰਟ ‘ਤੇ ਬਣਨ ਵਾਲੇ ਹੈਲਪ ਡੈਸਕ 24 ਘੰਟੇ ਕੰਮ ਕਰਨਗੇ ਅਤੇ ਭਾਰਤ ਵਿੱਚ ਪੰਜਾਬ ਹੀ ਐਸਾ ਸੂਬਾ ਹੋਵੇਗਾ, ਜੋ ਐਨ.ਆਰ.ਆਈਜ਼ ਲਈ ਏਅਰਪੋਰਟ ਤੇ ਇਸ ਤਰ੍ਹਾਂ ਦੀ ਸਹੂਲਤ ਪ੍ਰਦਾਨ ਕਰੇਗਾ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਪੰਜਾਬ ਸਰਕਾਰ ਵੱਲੋਂ ਪੰਜ ਐਨ.ਆਰ.ਆਈਜ਼ ਮਿਲਣੀਆਂ ਵੱਖ-ਵੱਖ ਜ਼ਿਲ੍ਹਿਆ ਵਿੱਚ ਕਰਵਾਈਆਂ ਗਈਆਂ ਸਨ ਅਤੇ ਇਸ ਸਾਲ ਚਾਰ ਐਨ.ਆਰ.ਆਈਜ਼ ਮਿਲਣੀਆਂ ਕਰਵਾਈਆਂ ਜਾ ਰਹੀਆਂ ਹਨ। ਇਨ੍ਹਾਂ ਮਿਲਣੀਆਂ ਦੀ ਸ਼ੁਰੂਆਤ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਜੀ ਵੱਲੋਂ ਪਠਾਨਕੋਟ (ਚਮਰੋੜ) ਤੋਂ 3 ਫਰਵਰੀ ਨੂੰ ਕੀਤੀ ਗਈ ਸੀ ਅਤੇ ਅੱਜ ਦੂਜੀ ਐਨ.ਆਰ.ਆਈਜ਼ ਮਿਲਣੀ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਖੇ ਹੋਈ ਹੈ। ਉਨ੍ਹਾਂ ਦੱਸਿਆ ਕਿ ਅੱਗਲੀਆਂ ਦੋ ਮਿਲਣੀਆਂ ਸੰਗਰੂਰ ਅਤੇ ਫਿਰੋਜਪੁਰ ਵਿਖੇ ਹੋਣਗੀਆਂ। ਉਨ੍ਹਾਂ ਨੇ ਐਨ.ਆਰ.ਆਈਜ਼ ਨੂੰ ਅਪੀਲ ਕੀਤੀ ਕਿ ਉਹ ਇੰਨ੍ਹਾਂ ਮਿਲਣੀਆਂ ਵਿੱਚ ਸ਼ਾਮਲ ਹੋ ਕੇ ਆਪਣੀਆਂ ਸਮੱਸਿਆਵਾਂ ਨੂੰ ਸਰਕਾਰ ਤੱਕ ਪਹੁੰਚਾਉਣ ਤਾਂ ਜੋ ਉਨ੍ਹਾਂ ਸਮੱਸਿਆਵਾਂ ਦਾ ਹੱਲ ਕੀਤਾ ਜਾ ਸਕੇ।