ਡਾਕਟਰਾਂ ਅਤੇ ਸਿਹਤ ਅਮਲੇ ਦੀ ਸੁਰੱਖਿਆ ਲਈ “ ਜ਼ਿਲ੍ਹਾ ਸਿਹਤ ਬੋਰਡ “ ਦਾ ਗਠਨ, ਡਿਪਟੀ ਕਮਿਸ਼ਨਰ ਹੋਣਗੇ ਚੇਅਰਮੈਨ

  • ਐਸ.ਐਸ.ਪੀ. ਸਮੇਤ 6 ਹੋਰ ਮੈਂਬਰ ਨਾਮਜ਼ਦ
  • ਡਿਪਟੀ ਕਮਿਸ਼ਨਰ ਵਲੋਂ ਡਾਕਟਰਾਂ ਦੀ ਸੁਰੱਖਿਆ ਹਰ ਹਾਲ ਯਕੀਨੀ ਬਣਾਉਣ ਦੇ ਨਿਰਦੇਸ਼

ਕਪੂਰਥਲਾ,10 ਸਤੰਬਰ 2024 : ਡਾਕਟਰਾਂ ਅਤੇ ਸਿਹਤ ਅਮਲੇ ਦੀ ਕੰਮਕਾਜ ਵਾਲੀਆਂ ਥਾਵਾਂ ’ਤੇ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਮਕਸਦ ਨਾਲ ’ਜ਼ਿਲ੍ਹਾ ਸਿਹਤ ਬੋਰਡ’ ਦਾ ਗਠਨ ਕੀਤਾ ਗਿਆ ਹੈ। ਬੋਰਡ ਦੇ ਚੇਅਰਮੈਨ ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਾਲ ਹਨ, ਚੇਅਰਮੈਨ ਤੋਂ ਇਲਾਵਾ ਬੋਰਡ ਵਿਚ 6 ਹੋਰ ਮੈਂਬਰ ਹਨ,ਜਿਨ੍ਹਾਂ ਵਿਚ ਐਸ.ਐਸ.ਪੀ ਕਪੂਰਥਲਾ ਵਤਸਲਾ ਗੁਪਤਾ, ਸਿਵਲ ਸਰਜਨ ਡਾ.ਰੀਚਾ ਭਾਟੀਆ, ਐਸ.ਐਮ.ਓ. ਕਪੂਰਥਲ਼ਾ ਡਾ. ਇੰਦੂ ਬਾਲਾ, ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਪ੍ਰਧਾਨ ਡਾ. ਅਨੂਪ ਕੁਮਾਰ, ਜ਼ਿਲ੍ਹਾ ਅਟਾਰਨੀ ਵਿਸ਼ਾਲ ਆਨੰਦ ਅਤੇ ਪੈਰਾਮੈਡੀਕਲ ਸਟਾਫ਼ ਦੇ ਪ੍ਰਤੀਨਿਧੀ ਦੇ ਤੌਰ ’ਤੇ ਸ਼ੁੱਭ ਸ਼ਰਮਾ ਨੂੰ ਮੈਂਬਰ ਸ਼ਾਮਲ ਕੀਤਾ ਗਿਆ ਹੈ। ਬੋਰਡ ਦੀ ਪਲੇਠੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਚੇਅਰਮੈਨ-ਕਮ-ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਾਲ ਨੇ ਦੱਸਿਆ ਕਿ ਡਾਕਟਰੀ ਅਤੇ ਪੈਰਾਮੈਡੀਕਲ ਸਟਾਫ਼ ਸਾਡੇ ਸਮਾਜ ਦੀ ਰੀੜ੍ਹ ਦੀ ਹੱਡੀ ਹੈ ਅਤੇ ਜ਼ਿਲ੍ਹਾ ਪ੍ਰਸ਼ਾਸਨ ਹਸਪਤਾਲਾਂ, ਡਿਸਪੈਂਸਰੀਆਂ, ਮੁਢਲੇ ਸਿਹਤ ਕੇਂਦਰਾਂ, ਕਮਿਊਨਿਟੀ ਹੈੱਲਥ ਸੈਂਟਰਾਂ ਆਦਿ ਵਿਖੇ ਇਨ੍ਹਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਡਾਕਟਰਾਂ ਅਤੇ ਹੋਰ ਅਮਲੇ ਦੀ ਸੁਰੱਖਿਆ ਹੋਰ ਪੁਖਤਾ ਕਰਨ ਲਈ ਜ਼ਿਲ੍ਹਾ ਸਿਹਤ ਬੋਰਡ ਦੀ ਹਰ ਮਹੀਨੇ ਮੀਟਿੰਗ ਕਰਕੇ ਸਿਹਤ ਅਮਲੇ ਦੀ ਸੁਰੱਖਿਆ ਸਬੰਧੀ ਲੋੜੀਂਦੀ ਕਾਰਵਾਈ ਯਕੀਨੀ ਬਣਾਈ ਜਾਵੇਗੀ। ਉਨ੍ਹਾਂ ਬੋਰਡ ਦੇ ਬਾਕੀ ਮੈਂਬਰਾਂ ਨੂੰ ਹਦਾਇਤ ਕੀਤੀ ਕਿ ਡਾਕਟਰਾਂ ਦੀ ਸੁਰੱਖਿਆ ਸਬੰਧੀ ਪ੍ਰਬੰਧਾਂ ਦਾ ਲਗਾਤਾਰ ਨਿਰੀਖਣ ਯਕੀਨੀ ਬਣਾਇਆ ਜਾਵੇ ਤਾਂ ਜੋ ਲੋਕਾਂ ਨੂੰ ਸਿਹਤ ਸਬੰਧੀ ਸੇਵਾਵਾਂ ਪ੍ਰਾਪਤ ਕਰਨ ਵਿਚ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਸਮੂਹ ਮੈਂਬਰਾਂ ਨੂੰ ਕਿਹਾ ਕਿ ਉਹ ਆਪਸੀ ਬਿਹਰਤੀਨ ਤਾਲਮੇਲ ਦੇ ਨਾਲ ਡਾਕਟਰਾਂ ਨੂੰ ਸੁਰੱਖਿਆ ਸਬੰਧੀ ਦਰਪੇਸ਼ ਮੁਸ਼ਕਿਲਾਂ ਦੇ ਹੱਲ ਲਈ ਵਡੇਰੇ ਯਤਨ ਕਰਨ। ਇਸ ਮੌਕੇ ਜ਼ਿਲ੍ਹਾ ਸਿਹਤ ਬੋਰਡ ਦੇ ਵੱਖ-ਵੱਖ ਮੈਂਬਰ ਅਤੇ ਉਨ੍ਹਾਂ ਦੇ ਪ੍ਰਤੀਨਿਧੀ ਵੀ ਹਾਜ਼ਰ ਸਨ।