ਹੁਸ਼ਿਆਰਪੁਰ, 26 ਫਰਵਰੀ : ਹਰਿਆਣਾ ਰੋਡ ‘ਤੇ ਪਿੰਡ ਬੱਸੀ ਨੌਂ ਪੁਲੀ ਨੇੜੇ ਤੇਜ਼ ਰਫ਼ਤਾਰ ਟਰੱਕ ਦੀ ਲਪੇਟ ‘ਚ ਆਉਣ ਨਾਲ ਸਾਬਕਾ ਫ਼ੌਜੀ ਕੈਪਟਨ ਸੰਸਾਰ ਸਿੰਘ (82) ਦੀ ਮੌਤ ਹੋ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ। ਹਾਦਸੇ ਤੋਂ ਬਾਅਦ ਟਰੱਕ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਥਾਣਾ ਹਰਿਆਣਾ ਦੀ ਪੁਲਸ ਨੇ ਹਾਦਸਾਗ੍ਰਸਤ ਵਾਹਨ ਨੂੰ ਕਬਜ਼ੇ ‘ਚ ਲੈ ਕੇ ਮ੍ਰਿਤਕ ਦੇ ਪੁੱਤਰ ਸੁਖਵਿੰਦਰ ਸਿੰਘ ਦੇ ਬਿਆਨਾਂ ‘ਤੇ ਅਣਪਛਾਤੇ ਟਰੱਕ ਚਾਲਕ ਖਿਲਾਫ ਧਾਰਾ 304ਏ, 279, 427 ਆਈ.ਪੀ.ਸੀ ਤਹਿਤ ਮਾਮਲਾ ਦਰਜ ਕਰਕੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਹਵਾਲੇ ਕਰ ਦਿੱਤੀ ਹੈ।ਪੁਲੀਸ ਰੋਡ ’ਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਸਕੈਨਿੰਗ ਕਰ ਰਹੀ ਹੈ। ਪੁਲਿਸ ਨੇ ਦਾਅਵਾ ਕੀਤਾ ਹੈ ਕਿ ਫਰਾਰ ਟਰੱਕ ਡਰਾਈਵਰ ਨੂੰ ਜਲਦ ਹੀ ਕਾਬੂ ਕਰ ਲਿਆ ਜਾਵੇਗਾ। ਪਰਿਵਾਰਿਕ ਮੈਂਬਰਾ ਨੇ ਦੱਸਿਆ ਕਿ ਕੈਪਟਨ ਸੰਸਾਰ ਸਿੰਘ ਦੇਰ ਸ਼ਾਮ ਆਪਣੀ ਕਾਰ ਵਿੱਚ ਆਪਣੀ ਧੀ ਨੂੰ ਉਸਦੇ ਸਹੁਰੇ ਪਿੰਡ ਕੱਕੋਂ ਮਿਲਣ ਜਾ ਰਹੇ ਸਨ। ਜਦੋਂ ਉਹ ਹੁਸ਼ਿਆਰਪੁਰ ਰੋਡ ‘ਤੇ ਪਿੰਡ ਬੱਸੀ ਨੌਂ ਨੇੜੇ ਇੱਕ ਪੁਲੀ ‘ਤੇ ਪਹੁੰਚੇ ਤਾਂ ਹੁਸ਼ਿਆਰਪੁਰ ਸਾਈਡ ਤੋਂ ਆ ਰਹੇ ਟਰੱਕ ਚਾਲਕ ਨੇ ਸੰਸਾਰ ਸਿੰਘ ਦੀ ਕਾਰ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਕਾਰ ਪੂਰੀ ਤਰ੍ਹਾਂ ਨੁਕਸਾਨੀ ਗਈ ਅਤੇ ਸੰਸਾਰ ਸਿੰਘ ਗੰਭੀਰ ਜ਼ਖਮੀ ਹੋ ਗਏ। ਸੰਸਾਰ ਸਿੰਘ ਦੀ ਦੇਰ ਰਾਤ ਇਲਾਜ ਦੌਰਾਨ ਮੌਤ ਹੋ ਗਈ।