- ਕੈਬਨਿਟ ਮੰਤਰੀ ਵੱਲੋਂ ਪਿੰਡ ਨਾਰੂ ਨੰਗਲ ਖਾਸ ਵਿਖੇ 10.50 ਲੱਖ ਦੀ ਲਾਗਤ ਨਾਲ ਵਿਕਾਸ ਕਾਰਜਾਂ ਦੀ ਸ਼ੁਰੂਆਤ
ਹੁਸ਼ਿਆਰਪੁਰ, 16 ਮਈ : ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦਾ ਟੀਚਾ ਪਿੰਡਾਂ ਵਿੱਚ ਸੁਧਾਰ ਲਿਆਉਣਾ ਹੈ, ਜਿਸ ਲਈ ਪਿੰਡਾਂ ਵਿੱਚ ਲਗਾਤਾਰ ਵਿਕਾਸ ਕਾਰਜ ਕੀਤੇ ਜਾ ਰਹੇ ਹਨ ਅਤੇ ਹਰ ਛੋਟੀ-ਵੱਡੀ ਸਮੱਸਿਆ ਨੂੰ ਸਮਾਂਬੱਧ ਤਰੀਕੇ ਨਾਲ ਹੱਲ ਕੀਤਾ ਜਾ ਰਿਹਾ ਹੈ। ਉਹ ਅੱਜ ਨਾਰੂ ਨੰਗਲ ਖਾਸ ਵਿਖੇ 10.50 ਲੱਖ ਰੁਪਏ ਦੀ ਲਾਗਤ ਨਾਲ ਵਿਕਾਸ ਕਾਰਜਾਂ ਦੀ ਸ਼ੁਰੂਆਤ ਮੌਕੇ ਪਿੰਡ ਵਾਸੀਆਂ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਦੱਸਿਆ ਕਿ ਵਿਕਾਸ ਰਾਸ਼ੀ ’ਚੋਂ 5 ਲੱਖ ਰੁਪਏ ਸੀਵਰੇਜ ’ਤੇ ਅਤੇ 5.50 ਲੱਖ ਰੁਪਏ ਵਾਟਰ ਸਪਲਾਈ ’ਤੇ ਖਰਚ ਕੀਤੇ ਜਾਣਗੇ। ਕੈਬਨਿਟ ਮੰਤਰੀ ਨੇ ਕਿਹਾ ਕਿ ਉਹ ਪਿੰਡਾਂ ਦਾ ਦੌਰਾ ਕਰਕੇ ਉਥੋਂ ਦੀਆਂ ਪੰਚਾਇਤਾਂ ਤੋਂ ਪਿੰਡਾਂ ਦੀਆਂ ਲੋੜਾਂ ਬਾਰੇ ਜਾਣਕਾਰੀ ਇਕੱਤਰ ਕਰ ਰਹੇ ਹਨ ਤਾਂ ਜੋ ਸਬੰਧਤ ਪਿੰਡਾਂ ਵਿੱਚ ਉਸ ਅਨੁਸਾਰ ਵਿਕਾਸ ਕਾਰਜ ਸ਼ੁਰੂ ਕਰਵਾਏ ਜਾ ਸਕਣ। ਉਨ੍ਹਾਂ ਨੌਜਵਾਨਾਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿੱਚ ਰੁਚੀ ਦਿਖਾਉਣ ਦਾ ਸੱਦਾ ਦਿੱਤਾ। ਉਨ੍ਹਾਂ ਪਿੰਡ ਦੀਆਂ ਔਰਤਾਂ ਨੂੰ ਕਿਹਾ ਕਿ ਜੇਕਰ ਉਹ ਮਿਲ ਕੇ ਪਿੰਡ ਵਿੱਚ ਕੋਈ ਸਵੈ-ਰੁਜ਼ਗਾਰ ਸ਼ੁਰੂ ਕਰਨਾ ਚਾਹੁੰਦੀਆਂ ਹਨ ਤਾਂ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ। ਇਸ ਮੌਕੇ ਸਰਪੰਚ ਦੇਵਰਾਜ, ਊਸ਼ਾ ਕੁਮਾਰੀ, ਪੰਡਿਤ ਬਲਦੇਵ ਰਾਜ ਤੋਂ ਇਲਾਵਾ ਸਮੂਹ ਪੰਚਾਇਤ ਮੈਂਬਰ ਅਤੇ ਹੋਰ ਪਤਵੰਤੇ ਵੀ ਹਾਜ਼ਰ ਸਨ।